ਮਾਨਸਾ: ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਵਿਰੋਧ ’ਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਜਥੇਬੰਦੀ ਦੇ ਸੂਬਾ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਮੰਗ ਕੀਤੀ ਕਿ ਪਿੰਡ ਕੁਲਰੀਆਂ ਦੇ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਪਿੰਡ ਕੁਲਰੀਆਂ ਦੀ ਜ਼ਮੀਨ ’ਤੇ ਪੰਚਾਇਤੀ ਵਿਭਾਗ ਤੇ ਸਰਕਾਰ ਵੱਲੋਂ ਹੋਏ ਹਮਲੇ ਦਾ ਵਿਰੋਧ ਕਰ ਰਹੀ ਹੈ, ਨਾਲ ਹੀ ਜ਼ਮੀਨ ਉਤੇ, ਜੋ ਪਿਛਲੇ 60-65 ਸਾਲ ਤੋਂ ਕਾਬਜ਼ ਅਤੇ ਕਾਸ਼ਤਕਾਰ ਹਨ, ਉਨ੍ਹਾਂ ਨੂੰ ਜ਼ਮੀਨ ਤੋਂ ਬੇਦਖ਼ਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੀ ਸੰਘਰਸ਼ ਲੜਨਾ ਪਿਆ ਲੜਿਆ ਜਾਵੇਗਾ ਅਤੇ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿਵਾਇਆ ਜਾਵੇਗਾ। -ਪੱਤਰ ਪ੍ਰੇਰਕ