ਜੋਗਿੰਦਰ ਸਿੰਘ ਮਾਨ
ਮਾਨਸਾ, 17 ਅਗਸਤ
ਚਿੱਟੀ ਮੱਖੀ-ਗੁਲਾਬੀ ਸੁੰਡੀ ਦੇ ਹਮਲੇ ਤੋਂ ਡਰੇ ਬੈਠੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਹੁਣ ਝੋਨੇ ’ਤੇ ਪੱਤਾ ਲਪੇਟ ਸੁੰਡੀ ਦੇ ਹਮਲੇ ਦਾ ਝੋਰਾ ਖਾਣ ਲੱਗਿਆ ਹੈ। ਇਸ ਹਮਲੇ ਕਾਰਨ ਕਿਸਾਨਾਂ ਵਿਚ ਘਬਰਾਹਟ ਪਾਈ ਜਾਣ ਲੱਗੀ ਹੈ ਅਤੇ ਉਹ ਇਸ ਤੋਂ ਬਚਾਓ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਲੱਗੇ ਹਨ।
ਉਧਰ, ਖੇਤੀ ਵਿਭਾਗ ਨੇ ਕਿਸਾਨਾਂ ਨੂੰ ਸਪਰੇਆਂ ਸੋਚ, ਸਮਝ ਕੇ ਕਰਨ ਦਾ ਸੱਦਾ ਦਿੱਤਾ ਹੈ ਅਤੇ ਇਸ ਹਮਲੇ ਨੂੰ ਫਿਲਹਾਲ ਮਾਮੂਲੀ ਮੰਨਦਿਆਂ ਕੁਝ ਦਿਨ ਪਹਿਲਾਂ ਪਏ ਮੀਂਹਾਂ ਨਾਲ ਹਰ ਕਿਸਮ ਦੀਆਂ ਬਿਮਾਰੀਆਂ ਤੋਂ ਫਸਲਾਂ ਦੇ ਬਾਕਾਇਦਾ ਤੰਦਰੁਸਤ ਹੋਣ ਦੀ ਹਾਮੀ ਭਰੀ ਹੈ। ਕਿਸਾਨਾਂ ਨੇ ਇਸ ਹਮਲੇ ਸਬੰਧੀ, ਜਦੋਂ ਖੇਤੀ ਵਿਭਾਗ ਦੇ ਮਾਹਿਰਾਂ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਹਮਲੇ ਨੂੰ ਮੁੱਢਲੀ ਸਟੇਜ ਉਪਰੋਂ ਵੀ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਹੈ। ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਮਾਨਸਾ ਜ਼ਿਲ੍ਹੇ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਮੰਨਿਆ ਕਿ ਇਹ ਹਮਲਾ ਝੋਨੇ ਦੀ ਫ਼ਸਲ ’ਤੇ ਬਿਲਕੁਲ ਹੀ ਨਾ-ਮਾਤਰ ਹੈ, ਪਰ ਐਡੀ ਵੱਡੀ ਗੱਲ ਨਹੀਂ ਕਿ ਇਸ ਤੋਂ ਘਬਰਾ ਕੇ ਕਿਸਾਨ ਅੰਨ੍ਹੇਵਾਹ ਸਪਰੇਅ ਕਰਨ ਲੱਗ ਜਾਣ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਵਿਚ ਜਾਣ ਅਤੇ ਜੇ ਉਹ ਹਮਲੇ ਨੂੰ ਜ਼ਿਆਦਾ ਸਮਝਦੇ ਹਨ ਤਾਂ ਉਹ ਤੁਰੰਤ ਖੇਤੀ ਵਿਭਾਗ ਦੇ ਮਾਹਿਰਾਂ ਨਾਲ ਸਲਾਹ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਦਵਾਈ ਵਿਕਰੇਤਾਵਾਂ ਦੇ ਪਿੱਛੇ ਲੱਗਕੇ ਬਿਲਕੁਲ ਸਪਰੇਆਂ ਨਾ ਕਰਨ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਖੇਤੀ ਵਿਭਾਗ ਨੂੰ ਕਿਸਾਨਾਂ ਵਿੱਚ ਪਈ ਘਬਰਾਹਟ ਨੂੰ ਦੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਉਪਰ ਸਪੇਰਅ ਛਿੜਕਣ ਦੇ ਬਾਵਜੂਦ ਪੱਤਾ ਲਪੇਟ ਸੁੰਡੀ ਮਰਨ ਵਿਚ ਨਹੀਂ ਆ ਰਹੀ ਹੈ।