ਪੱਤਰ ਪ੍ਰੇਰਕ
ਲੰਬੀ, 17 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਾਣੀਆਂ ਦੇ ਸੰਕਟ ਸਬੰਧੀ ਪੰਜਾਬ ਦੀ ਭਵਿੱਖੀ ਖੇਤੀ ਚਿੰਤਤ ਜ਼ਿਲ੍ਹਾ ਬਠਿੰਡਾ ਅਤੇ ਹਲਕਾ ਲੰਬੀ ਦੀਆਂ 6 ਕਿਸਾਨ ਜਥੇਬੰਦੀਆਂ ਨੇ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਪਿੰਡ ਖੁੱਡੀਆਂ ਘਰ ਮੂਹਰੇ ਧਰਨਾ ਦਿੱਤਾ। ਇਸ ਮੌਕੇ ਕਿਸਾਨ ਲੀਡਰਸ਼ਿਪ ਨੇ ਨਹਿਰੀ ਟੇਲਾਂ ਤੱਕ ਪਾਣੀ ਪਹੁੰਚਾਉਣ ਬਾਰੇ ‘ਆਪ’ ਸਰਕਾਰ ਦੇ ਦਾਅਵਿਆਂ ਨੂੰ ਨਿਰਾ ਝੂਠ ਕਰਾਰ ਦਿੱਤਾ। ਆਗੂਆਂ ਨੇ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਵੇਰਕਾ, ਮਿਲਕ ਫੈੱਡ ਸਮੇਤ ਸਹਿਕਾਰੀ ਅਦਾਰਿਆਂ ਵਿੱਚ ਫੈਲੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਅੱਜ-ਕੱਲ੍ਹ ਕੈਨੇਡਾ ਦੌਰੇ ’ਤੇ ਹਨ। ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਫਰੀਦਕੋਟ ਕੋਟਲੀ ਨੇ ਖੇਤੀ ਮੰਤਰੀ ਖੁੱਡੀਆਂ ਦੇ ਘਰੇਲੂ ਅਮਲੇ ’ਤੇ ਧਰਨਾ ਦੌਰਾਨ ਮੰਗਣ ’ਤੇ ਪਾਣੀ ਦਾ ਪ੍ਰਬੰਧ ਨਾ ਕਰਨ ਦੇ ਦੋਸ਼ ਲਗਾਏ। ਮਗਰੋਂ ਕਿਸਾਨਾਂ ਨੇ ਲੰਬੀ ਤੋਂ ਪਾਣੀ ਦੇ ਕੈਂਪਰ ਮੰਗਵਾਇਆ। ਕੋਟਲੀ ਨੇ ਦੋਸ਼ ਲਗਾਇਆ ਕਿ ਧਰਨੇ ਦੌਰਾਨ ਮੰਤਰੀ ਦੇ ਘਰ ਦੇ ਬੂਹੇ ਤੱਕ ਬੰਦ ਕਰ ਲਏ ਗਏ।
ਧਰਨੇ ਨੂੰ ਸੰਬੋਧਨ ਕਰਦੇ ਭਾਕਿਯੂ (ਏਕਤਾ) ਡਕੌਂਦਾ ਧਨੇਰ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਪਾਣੀਆਂ ਦੇ ਮਾਮਲੇ ਵਿੱਚ ਖੇਤੀ ਪ੍ਰਧਾਨ ਸੂਬਾ ਬੜੀ ਤੇਜ਼ੀ ਨਾਲ ਰੇਗਿਸਤਾਨ ਬਣਨ ਵੱਲ ਵਧ ਰਿਹਾ ਹੈ। ਕੁੱਲ ਹਿੰਦ ਕਿਸਾਨ ਸਭਾ ਸੂਬਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ। ਇਸ ਮੌਕੇ ਹੋਰ ਮੰਗਾਂ ਦਾ ਵੀ ਜ਼ਿਕਰ ਹੋਇਆ।