ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 17 ਅਗਸਤ
ਪੀਏਯੂ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਲੜਕੀਆਂ ਦੇ ਨਵੇਂ ਬਣੇ ਹੋਸਟਲ ਦਾ ਉਦਘਾਟਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾ. ਗੋਸਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਕਾਲਜ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਹਿਤ ਫੰਡ ਮੁਹੱਈਆ ਕਰਵਾਏ ਗਏ ਹਨ, ਉੱਥੇ ਕਾਲਜ ਦੇ ਅਕਾਦਮਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਹਿਤ 25 ਟੀਚਿੰਗ ਅਤੇ 50 ਨਾਨ-ਟੀਚਿੰਗ ਅਸਾਮੀਆਂ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਪ੍ਰਕਿਰਿਆ ਆਰੰਭੀ ਹੋਈ ਹੈ, ਜਿਸ ਵਿੱਚ ਮੌਜੂਦਾ ਸਮੇਂ ਵਿੱਚ 14 ਅਧਿਆਪਨ ਸਹਾਇਕ ਅਤੇ 12 ਵਿਗਿਆਨੀ ਵੀ ਸ਼ਾਮਲ ਹਨ।
ਡਾ. ਮਨਮੋਹਨਜੀਤ ਸਿੰਘ, ਡੀਨ ਖੇਤੀਬਾੜੀ ਕਾਲਜ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ, ਡਾ. ਨਿਰਮਲ ਜੌੜਾ ਡਾਇਰੈਕਟਰ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਕਾਲਜ ਵਧੀਆ ਖੇਡ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਡਾ. ਮੱਖਣ ਸਿੰਘ ਭੁੱਲਰ, ਡਾ. ਵਿਸ਼ਾਲ ਬੈਕਟਰ, ਡਾ. ਯੋਗਿਤਾ ਸ਼ਰਮਾ, ਡਾ. ਵਿਸ਼ਵਜੀਤ ਸਿੰਘ ਹੰਸ, ਇੰਜ. ਰਜਿੰਦਰ ਸਿੰਘ ਅਤੇ ਇੰਜ. ਗੁਰਮੀਤ ਸਿੰਘ, ਜਸਲੀਨ ਕੌਰ ਸਿੱਧੂ ਆਦਿ ਹਾਜ਼ਰ ਸਨ।