ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਅਗਸਤ
ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਵਿੱਚ ਬਿਰਧ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਜੀਤ ਕੌਰ (70) ਵਾਸੀ ਬਹੜੂ ਵਜੋਂ ਹੋਈ ਹੈ। ਥਾਣਾ ਚਾਟੀਵਿੰਡ ਦੀ ਪੁਲੀਸ ਨੇ ਇਸੇ ਪਿੰਡ ਦੀ ਔਰਤ ਮਨਜੀਤ ਕੌਰ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਔਰਤ ਦੇ ਪੁੱਤਰ ਭੁਪਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਮਨਜੀਤ ਕੌਰ ਉਨ੍ਹਾਂ ਦੇ ਘਰ ਆਈ ਅਤੇ ਉਸ ਦੀ ਮਾਂ ਹਰਜੀਤ ਕੌਰ ਨਾਲ ਲੜਨ ਲੱਗ ਪਈ। ਉਸਨੇ ਦੋਸ਼ ਲਾਇਆ ਕਿ ਸਬੰਧਤ ਔਰਤ ਨੇ ਉਸ ਦੀ ਮਾਂ ਦੀ ਕਥਿਤ ਕੁੱਟਮਾਰ ਕੀਤੀ। ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਐੱਸਐੱਚਓ ਬਲਕਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਔਰਤ ਦੀ ਭਾਲ ਕੀਤੀ ਜਾ ਰਹੀ ਹੈ।