ਜੈਪੁਰ: ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਪੰਜ ਹਸਪਤਾਲਾਂ ਸਣੇ ਸੂਬੇ ਦੇ ਕਈ ਹੋਰ ਹਸਪਤਾਲਾਂ ’ਚ ਬੰਬ ਹੋਣ ਦੀ ਧਮਕੀ ਦਿੱਤੀ ਗਈ। ਹਾਲਾਂਕਿ ਅੱਜ ਈਮੇਲ ਰਾਹੀਂ ਮਿਲੀ ਇਹ ਧਮਕੀ ਬਾਅਦ ’ਚ ਅਫ਼ਵਾਹ ਸਾਬਤ ਹੋਈ। ਜੈਪੁਰ ਦੇ ਏਸੀਪੀ (ਕਾਨੂੰਨ ਤੇ ਅਮਨ) ਕੁੰਵਰ ਰਾਸ਼ਟਰਦੀਪ ਸਿੰਘ ਨੇ ਦੱਸਿਆ ਕਿ ਬੰਬ ਵਾਲੀ ਈਮੇਲ ਦੀ ਸੂਚਨਾ ਮਿਲਣ ਮਗਰੋਂ ਬੰਬ ਸਕੁਐਡ ਦੇ ਦਸਤਿਆਂ ਨੇ ਘੇਰਾਬੰਦੀ ਕਰਕੇ ਹਸਪਤਾਲਾਂ ਦਾ ਨਿਰੀਖਣ ਕੀਤਾ ਪਰ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ। ਜੈਪੁਰ ਦੇ ਮੋਨੀਲੇਕ ਹਸਪਤਾਲ, ਸੀਕੇ ਬਿਰਲਾ ਹਸਪਤਾਲ, ਮਾਨਸ ਹਸਪਤਾਲ, ਅਪੈਕਸ ਹਸਪਤਾਲ ਤੇ ਰੁੰਗਟਾ ਹਸਪਤਾਲ ’ਚ ਬੰਬ ਹੋਣ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਕਿ ਸੂਬੇ ’ਚ ਕੁੱਲ ਕਿੰਨੇ ਹਸਪਤਾਲਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ ਹੈ। -ਪੀਟੀਆਈ