ਨਵੀਂ ਦਿੱਲੀ/ਮੁੰਬਈ, 18 ਅਗਸਤ
ਏਅਰ ਇੰਡੀਆ ਦੇ ਜਹਾਜ਼ ਚਾਲਕ ਦਲ ਦੀ ਇੱਕ ਮਹਿਲਾ ਮੈਂਬਰ ’ਤੇ ਇਸ ’ਤੇ ਹਫ਼ਤੇ ਦੀ ਸ਼ੁਰੂਆਤ ’ਚ ਲੰਡਨ ਦੇ ਹੋਟਲ ’ਚ ਇੱਕ ਘੁਸਪੈਠੀਏ ਨੇ ਕਥਿਤ ਹਮਲਾ ਕਰ ਦਿੱਤਾ। ਏਅਰਲਾਈਨ ਇਸ ਮਾਮਲੇ ਬਾਰੇ ਸਥਾਨਕ ਪੁਲੀਸ ਨਾਲ ਗੱਲਬਾਤ ਕਰ ਰਹੀ ਹੈ। ਸੂਤਰਾਂ ਮੁਤਾਬਕ ਇੱਕ ਬੇਘਰ ਵਿਅਕਤੀ ਹੋਟਲ ਦੇ ਉਸ ਕਮਰੇ ’ਚ ਵੜ ਗਿਆ, ਜਿੱਥੇ ਚਾਲਕ ਦੀ ਅਮਲੇ ਦੀ ਮੈਂਬਰ ਠਹਿਰੀ ਹੋਈ ਸੀ ਅਤੇ ਉਸ ਨਾਲ ਬਦਸਲੂਕੀ ਕੀਤੀ। ਉਨ੍ਹਾਂ ਦੱਸਿਆ ਕਿ ਔਰਤ ਵੱਲੋਂ ਰੌਲਾ ਪਾਉਣ ’ਤੇ ਨੇੜਲੇ ਕਮਰਿਆਂ ’ਚ ਠਹਿਰੇ ਲੋਕਾਂ ਨੇ ਉਥੇ ਪਹੁੰਚ ਕੇ ਔਰਤ ਨੂੰ ਬਚਾਇਆ ਅਤੇ ਘੁਸਪੈਠੀਏ ਨੂੰ ਕਾਬੂ ਕੀਤਾ।
ਏਅਰ ਇੰਡੀਆ ਦੇ ਇੱਕ ਤਰਜਮਾਨ ਨੇ ਕਿਹਾ, ‘‘ਏਅਰਲਾਈਨ ਹੋਟਲ ’ਚ ਘੁਸਪੈਠ ਦੀ ਗ਼ੈਰਕਾਨੂੰਨੀ ਘਟਨਾ ਤੋਂ ਬਹੁਤ ਪ੍ਰੇਸ਼ਾਨ ਹੈ, ਜਿਸ ਕਾਰਨ ਉਸ ਦੇ ਜਹਾਜ਼ ਚਾਲਕ ਅਮਲੇ ਦੀ ਮੈਂਬਰ ਪ੍ਰਭਾਵਿਤ ਹੋਈ।’’ ਇੱਕ ਸੂਤਰ ਨੇ ਦੱਸਿਆ ਕਿ ਚਾਲਕ ਅਮਲੇ ਦੀ ਮਹਿਲਾ ਮੈਂਬਰ ਦਾ ਹੋਟਲ ’ਚ ਕਥਿਤ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ ਜਦਕਿ ਦੋ ਹੋਰ ਸੂਤਰਾਂ ਨੇ ਦਾਅਵਾ ਕੀਤਾ ਕਿ ਔਰਤ ਨਾਲ ਕੁੱਟਮਾਰ ਕੀਤੀ ਗਈ। ਸੂਤਰਾਂ ਅਨੁਸਾਰ ਇਹ ਘਟਨਾ ਲੰਡਨ ਦੇ ਹੀਥਰੋ ਹਵਾਈ ਅੱਡੇ ਨੇੜੇ ਇੱਕ ਹੋਟਲ ’ਚ ਵਾਪਰੀ। ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਭਾਰਤ ਵਾਪਸ ਆ ਗਈ ਹੈ। ਇਸ ਘਟਨਾ ਮਗਰੋਂ ਏਅਰਲਾਈਨ ਦੇ ਮੁਲਾਜ਼ਮਾਂ ਨੇ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੰਪਨੀ ਦੇ ਅੰਦਰੂਨੀ ਸੰਚਾਰ ਪਲੈਟਫਾਰਮ ’ਤੇ ਸ਼ਿਕਾਇਤ ਕੀਤੀ। ਇੱਕ ਸੂਤਰ ਅਨੁਸਾਰ ਇਨ੍ਹਾਂ ’ਚੋਂ ਇੱਕ ਸ਼ਿਕਾਇਤ ’ਚ ਦਾਅਵਾ ਕੀਤਾ ਗਿਆ ਹੈ ਕਿ ਹੋਟਲ ਦੇ ਮੁਲਾਜ਼ਮ ਰਾਤ ਵੇਲੇ ਮੌਜੂਦ ਨਹੀਂ ਸਨ ਅਤੇ ਹੋਟਲ ਕੰਪਲੈਕਸ ’ਚ ਲੋਕਾਂ ਦੀ ਆਵਾਜਾਈ ’ਤੇ ਕੋਈ ਰੋਕ ਨਹੀਂ ਸੀ। ਬਿਆਨ ਮੁਤਾਬਕ, ‘‘ਏਅਰ ਇੰਡੀਆ ਮਾਮਲੇ ਨੂੰ ਕਾਨੂੰਨੀ ਤੌਰ ’ਤੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਅਜਿਹੀਆਂ ਨੂੰ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਣਾ ਯਕੀਨੀ ਬਣਾਇਆ ਜਾ ਸਕੇ। -ਪੀਟੀਆਈ