ਦੀਰ ਅਲ-ਬਲਾਹ, 18 ਅਗਸਤ
ਗਾਜ਼ਾ ’ਚ ਬੀਤੀ ਰਾਤ ਇਜ਼ਰਾਇਲੀ ਹਮਲਿਆਂ ’ਚ ਇਕ ਮਹਿਲਾ ਅਤੇ ਉਸ ਦੇ ਛੇ ਬੱਚਿਆਂ ਸਮੇਤ 28 ਵਿਅਕਤੀਆਂ ਦੀ ਮੌਤ ਹੋ ਗਈ। ਉਧਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਗੋਲੀਬੰਦੀ ਦਾ ਸਮਝੌਤਾ ਕਰਾਉਣ ਦੇ ਉਦੇਸ਼ ਨਾਲ ਐਤਵਾਰ ਨੂੰ ਪੱਛਮੀ ਏਸ਼ੀਆ ਲਈ ਰਵਾਨਾ ਹੋ ਗਏ ਹਨ। ਉਹ ਸੋਮਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕਰ ਸਕਦੇ ਹਨ। ਦੋਹਾਂ ’ਚ ਦੋ ਦਿਨ ਦੀ ਵਾਰਤਾ ਮਗਰੋਂ ਅਮਰੀਕਾ, ਮਿਸਰ ਅਤੇ ਕਤਰ ਸਮਝੌਤਾ ਕਰਾਉਣ ਦੇ ਨੇੜੇ ਪਹੁੰਚਦੇ ਦਿਖ ਰਹੇ ਹਨ। ਅਮਰੀਕੀ ਅਤੇ ਇਜ਼ਰਾਇਲੀ ਅਧਿਕਾਰੀ ਸਮਝੌੇਤੇ ਪ੍ਰਤੀ ਆਸਵੰਦ ਹਨ। ਉਂਜ ਹਮਾਸ ਨੇ ਜੰਗ ਜਾਰੀ ਰੱਖਣ ਦੇ ਸੰਕੇਤ ਦਿੱਤੇ ਹਨ।
ਗੋਲੀਬੰਦੀ ਦੀ ਤਜਵੀਜ਼ ’ਚ ਤਿੰਨ ਪੜਾਅ ਵਾਲੀ ਪ੍ਰਕਿਰਿਆ ਦੀ ਗੱਲ ਆਖੀ ਗਈ ਹੈ ਜਿਸ ਤਹਿਤ ਹਮਾਸ ਪਿਛਲੇ ਸਾਲ 7 ਅਕਤੂਬਰ ਨੂੰ ਹੋਏ ਹਮਲੇ ਦੌਰਾਨ ਬੰਦੀ ਬਣਾਏ ਗਏ ਸਾਰੇ ਲੋਕਾਂ ਨੂੰ ਰਿਹਾਅ ਕਰੇਗਾ। ਬਦਲੇ ’ਚ ਇਜ਼ਰਾਈਲ, ਗਾਜ਼ਾ ਤੋਂ ਆਪਣੀ ਫੌਜ ਵਾਪਸ ਸੱਦੇਗਾ ਅਤੇ ਫਲਸਤੀਨੀ ਕੈਦੀਆਂ ਨੂੰ ਛੱਡੇਗਾ।
ਸਮਝੌਤੇ ਲਈ ਅੱਗੇ ਆਏ ਵਾਰਤਾਕਾਰਾਂ ਨੂੰ ਜੰਗ ਦੇ ਖ਼ਤਮ ਹੋਣ ਦੀ ਉਮੀਦ ਹੈ ਜਿਸ ’ਚ 40 ਹਜ਼ਾਰ ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਗਾਜ਼ਾ ਦੇ 23 ਲੱਖ ਤੋਂ ਵੱਧ ਲੋਕਾਂ ’ਚੋਂ ਜ਼ਿਆਦਾਤਰ ਉਜੜ ਚੁੱਕੇ ਹਨ ਅਤੇ ਵੱਡੀ ਮਨੁੱਖੀ ਤਬਾਹੀ ਹੋਈ ਹੈ। ਮਾਹਿਰਾਂ ਨੇ ਅਕਾਲ ਅਤੇ ਪੋਲੀਓ ਜਿਹੀਆਂ ਬਿਮਾਰੀਆਂ ਫੈਲਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਅਲ ਅਕਸਾ ਹਸਪਤਾਲ ਮੁਤਾਬਕ ਇਜ਼ਰਾਈਲ ਨੇ ਨਵੇਂ ਸਿਰੇ ਤੋਂ ਬੰਬਾਰੀ ਕਰਦਿਆਂ ਐਤਵਾਰ ਤੜਕੇ ਦੀਰ ਅਲ-ਬਲਾਹ ’ਚ ਇਕ ਘਰ ’ਤੇ ਹਮਲਾ ਕੀਤਾ ਜਿਸ ’ਚ ਇਕ ਮਹਿਲਾ ਅਤੇ ਉਸ ਦੇ ਛੇ ਬੱਚਿਆਂ ਦੀ ਮੌਤ ਹੋ ਗਈ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਉੱਤਰੀ ਸ਼ਹਿਰ ਜਬਾਲੀਆ ’ਚ ਇਕ ਰਿਹਾਇਸ਼ੀ ਇਮਾਰਤ ਦੇ ਦੋ ਅਪਾਰਟਮੈਂਟਾਂ ’ਤੇ ਹਮਲਾ ਹੋਇਆ ਜਿਸ ’ਚ ਦੋ ਮਰਦ, ਇਕ ਮਹਿਲਾ ਅਤੇ ਉਸ ਦੀ ਧੀ ਦੀ ਮੌਤ ਹੋ ਗਈ। ਅਵਦਾ ਹਸਪਤਾਲ ਨੇ ਕਿਹਾ ਕਿ ਸੈਂਟਰਲ ਗਾਜ਼ਾ ’ਚ ਹੋਏ ਇਕ ਹੋਰ ਹਮਲੇ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਉਧਰ ਨਾਸਿਰ ਹਸਪਤਾਲ ਮੁਤਾਬਕ ਸ਼ਨਿਚਰਵਾਰ ਦੇਰ ਰਾਤ ਦੱਖਣੀ ਸ਼ਹਿਰ ਖ਼ਾਨ ਯੂਨਿਸ ਨੇੜੇ ਹੋਏ ਇਕ ਹਮਲੇ ’ਚ ਦੋ ਔਰਤਾਂ ਸਮੇਤ ਇਕ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। -ਏਪੀ