ਢਾਕਾ, 18 ਅਗਸਤ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਗੱਦੀਓਂ ਲਾਂਭੇ ਕੀਤੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ’ਤੇ ਸੱਤਾ ’ਚ ਰਹਿਣ ਦੀਆਂ ਕੋਸ਼ਿਸ਼ਾਂ ਨਾਲ ਦੇਸ਼ ਦੀ ਹਰੇਕ ਸੰਸਥਾ ਨੂੰ ਢਾਹ ਲਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ‘ਅਹਿਮ ਸੁਧਾਰ’ ਕਰਨ ਦਾ ਕੰਮ ਪੂੁਰਾ ਕਰਦਿਆਂ ਹੀ ਨਿਰਪੱਖ ਚੋਣਾਂ ਕਰਵਾਏਗੀ। ਸ਼ੇਖ ਹਸੀਨਾ ਦੇ ਹਟਣ ਮਗਰੋਂ ਯੂਨਸ (84) ਨੇ 8 ਅਗਸਤ ਨੂੰ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਵਜੋਂ ਹਲਫ਼ ਲਿਆ ਸੀ। ਯੂਨਸ ਕਿਹਾ ਕਿ ਅੰਤਰਿਮ ਸਰਕਾਰ ਦੀ ਪਹਿਲੀ ਤਰਜੀਹ ਦੇਸ਼ ’ਚ ਕਾਨੂੰਨ ਤੇ ਅਮਨ ਦੀ ਸਥਿਤੀ ਬਹਾਲ ਕਰਨਾ ਹੈ ਅਤੇ ਉਹ ਕੌਮੀ ਸੁਲਹ-ਸਫਾਈ ਨੂੰ ਉਤਸ਼ਾਹਿਤ ਕਰਨ ’ਤੇ ਵੀ ਜ਼ੋਰ ਦੇਣਗੇ।
ਯੂਨਾਈਟਿਡ ਨਿਊਜ਼ ਆਫ ਬੰਗਲਾਦੇਸ਼ ਨੇ ਯੂਨਸ ਦੇ ਪ੍ਰੈੱਸ ਸਕੱਤਰ ਸ਼ਫੀਕੁਲ ਆਲਮ ਦੇ ਹਵਾਲੇ ਨਾਲ ਆਖਿਆ, ‘‘ਸੱਤਾ ’ਚ ਬਣੇ ਰਹਿਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੌਰਾਨ ਸ਼ੇਖ ਹਸੀਨਾ ਦੀ ਤਾਨਾਸ਼ਾਹੀ ਨੇ ਦੇਸ਼ ਦੇ ਹਰ ਅਦਾਰੇ ਨੂੰ ਤਬਾਹ ਕਰ ਦਿੱਤਾ। ਨਿਆਂਪਾਲਿਕਾ ਨੂੰ ਢਾਹ ਲੱਗੀ। ਡੇਢ ਦਹਾਕੇ ਦੀ ਜ਼ਾਲਮਾਨਾ ਕਾਰਵਾਈ ਰਾਹੀਂ ਜਮਹੂਰੀ ਅਧਿਕਾਰਾਂ ਨੂੰ ਦਬਾ ਦਿੱਤਾ ਗਿਆ।’’ ਯੂਨਸ ਨੇ ਆਖਿਆ ਕਿ ਉਨ੍ਹਾਂ ਨੇ ਇੱਕ ਅਜਿਹੇ ਮੁਲਕ ਦੀ ਵਾਗਡੋਰ ਸੰਭਾਲੀ ਹੈ ਜਿਹੜਾ ਮੁਸ਼ਕਲਾਂ ਨਾਲ ਘਿਰਿਆ ਹੋਇਆ ਹੈ। ਉਨ੍ਹਾਂ ਨੇ ਚੋਣ ਕਮਿਸ਼ਨ, ਨਿਆਂਪਾਲਿਕਾ, ਸਿਵਿਲ ਪ੍ਰਸ਼ਾਸਨ ਸੁਰੱਖਿਆ ਬਲਾਂ ਤੇ ਮੀਡੀਆ ਖੇਤਰ ’ਚ ਸੁਧਾਰਾਂ ਦੀ ਲੋੜ ’ਤੇ ਜ਼ੋਰ ਦਿੱਤਾ। ਮੁੱਖ ਸਲਾਹਕਾਰ ਨੇ ਆਖਿਆ ਕਿ ਚੋਣਾਂ ’ਚ ਸ਼ਰ੍ਹੇਆਮ ਹੇਰਾਫੇਰੀ ਹੋਈ। ਉਨ੍ਹਾਂ ਆਖਿਆ, ‘‘ਸਿਆਸੀ ਪੁਸ਼ਤਪਨਾਹੀ ਨਾਲ ਬੈਂਕਾਂ ਲੁੱਟੀਆਂ ਗਈਆਂ ਤੇ ਸੱਤਾ ਦੀ ਦੁਰਵਰਤੋਂ ਕਰਦਿਆਂ ਦੇਸ਼ ਦਾ ਖਜ਼ਾਨਾ ਲੁੱਟਿਆ ਗਿਆ।’’ -ਪੀਟੀਆਈ