ਅੰਮ੍ਰਿਤਸਰ: ਪਿੰਡ ਬਾਸਰਕੇ ਗਿੱਲਾਂ ਵਿੱਚ ਦੇਰ ਸ਼ਾਮ ਤਿੰਨ ਅਣਪਛਾਤੇ ਵਿਅਕਤੀਆਂ ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ’ਚੋਂ ਹਥਿਆਰ ਦਿਖਾ ਕੇ 4.41 ਲੱਖ ਰੁਪਏ ਲੁੱਟ ਲਏ। ਇਸ ਸਬੰਧ ਵਿੱਚ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਸੁਰਾਗ ਨਹੀਂ ਲੱਗ ਸਕਿਆ। ਸਥਾਨਕ ਭਗਤਾਂਵਾਲਾ ਇਲਾਕੇ ਦੇ ਰਹਿਣ ਵਾਲੇ ਨਰੇਸ਼ ਮਲਿਕ ਨੇ ਪੁਲੀਸ ਨੂੰ ਦੱਸਿਆ ਕਿ ਉਹ ਬੈਂਕ ਵਿੱਚ ਚਪੜਾਸੀ ਹੈ। ਕੱਲ੍ਹ ਸ਼ਾਮ ਲਗਪਗ 4.30 ਵਜੇ ਮੂੰਹ ਢਕੇ ਹੋਏ ਦੋ ਅਣਪਛਾਤੇ ਵਿਅਕਤੀ ਬੈਂਕ ਵਿੱਚ ਦਾਖ਼ਲ ਹੋਏ। ਇਨ੍ਹਾਂ ਵਿੱਚੋਂ ਇੱਕ ਕੋਲ ਪਿਸਤੌਲ ਸੀ ਜਦਕਿ ਦੂਜੇ ਕੋਲ ਤੇਜ਼ਧਾਰ ਹਥਿਆਰ ਸੀ। ਬੈਂਕ ਅੰਦਰ ਦਾਖਲ ਹੁੰਦੇ ਹੀ ਉਨ੍ਹਾਂ ਨੇ ਬੈਂਕ ਮੁਲਾਜ਼ਮਾਂ ਨੂੰ ਧਮਕਾਇਆ। ਇਸ ਮਗਰੋਂ ਇਕ ਮੁਲਜ਼ਮ ਨੇ ਮਹਿਲਾ ਹੈੱਡ ਕੈਸ਼ੀਅਰ ਨੂੰ ਹਥਿਆਰ ਦਿਖਾ ਕੇ 4.41 ਲੱਖ ਰੁਪਏ ਲੁੱਟ ਲਏ ਤੇ ਫਰਾਰ ਹੋ ਗਏ। ਮੁਲਜ਼ਮਾਂ ਦਾ ਇਕ ਸਾਥੀ ਬਾਹਰ ਮੋਟਰਸਾਈਕਲ ’ਤੇ ਖੜ੍ਹਾ ਸੀ। ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ। -ਟਨਸ