ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਨਾਲ-ਨਾਲ ਬਰਾਮਦਕਾਰਾਂ ਲਈ ਬਾਸਮਤੀ ਚੌਲਾਂ ਦੀ ਘੱਟੋ-ਘੱਟ ਬਰਾਮਦ ਕੀਮਤ (ਐੱਮਈਪੀ) ਘਟਾਵੇ। ਉਨ੍ਹਾਂ ਕਿਹਾ ਕਿ ਐੱਮਈਪੀ ਨੂੰ 950 ਡਾਲਰ ਪ੍ਰਤੀ ਟਨ ਤੋਂ ਘਟਾ ਕੇ 750 ਡਾਲਰ ਪ੍ਰਤੀ ਟਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕਿਸਾਨਾਂ ਨੂੰ ਵੀ ਵਾਜਬ ਭਾਅ ਮਿਲ ਸਕੇ ਅਤੇ ਕੌਮਾਂਤਰੀ ਮੰਡੀ ਵਿਚ ਮੁਕਾਬਲੇਬਾਜ਼ੀ ਵੀ ਹੋ ਸਕੇ। ਇਸ ਸਾਲ ਕਿਸਾਨਾਂ ਨੂੰ ਬਾਸਮਤੀ ਦਾ ਚੰਗਾ ਝਾੜ ਹੋਣ ਦੀ ਆਸ ਹੈ ਪਰ ਇਸ ਦਾ ਲਾਭ ਉਦੋਂ ਤੱਕ ਕਿਸਾਨਾਂ ਨੂੰ ਨਹੀਂ ਮਿਲੇਗਾ ਜਦੋਂ ਤੱਕ ਸਰਕਾਰ ਐਮਈਪੀ ਦੀ ਸਮੀਖਿਆ ਨਹੀਂ ਕਰਦੀ। ਸ੍ਰੀ ਬਾਦਲ ਨੇ ਕਿਹਾ ਕਿ ਬਰਾਮਦਕਾਰ ਕਿਸਾਨਾਂ ਤੋਂ ਇਸ ਸਾਲ ਬਾਸਮਤੀ ਖਰੀਦਣ ਦੇ ਹਾਲਾਤ ਵਿਚ ਨਹੀਂ ਹਨ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਪਾਬੰਦੀਸ਼ੁਦਾ ਬਰਾਮਦ ਨੀਤੀਆਂ ਕਾਰਨ ਉਨ੍ਹਾਂ ਦੇ ਗੋਦਾਮ ਭਰੇ ਹੋਏ ਹਨ। -ਟਨਸ