ਰਮੇਸ਼ ਭਾਰਦਵਾਜ
ਲਹਿਰਾਗਾਗਾ,18 ਅਗਸਤ
ਨੇੜਲੇ ਪਿੰਡ ਫਤਹਿਗੜ੍ਹ ਵਿੱਚ ਦੋ ਧਿਰਾਂ ਵਿੱਚ ਤਕਰਾਰ ਮਗਰੋਂ ਗੋਲੀਆਂ ਚੱਲ ਗਈਆਂ। ਇਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਗੰਢੂਆਂ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਸੰਗਰੂਰ ਮਗਰੋਂ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ।
ਐੱਸਐੱਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਦੋਵੇਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿ ਉਹ ਸ਼ਾਮ ਸੱਤ ਵਜੇ ਮੋਟਰਸਾਈਕਲ ’ਤੇ ਪਿੰਡ ਫਲੇੜਾ ਤੋ ਆਪਣੇ ਪਿੰਡ ਗੰਢੂਆਂ ਆ ਰਿਹਾ ਸੀ। ਪਿੰਡ ਫਤਹਿਗੜ੍ਹ ਤੋ ਪਿੰਡ ਗੰਢੂਆ ਰੋਡ ’ਤੇ ਸ਼ਰਾਬ ਦੇ ਠੇਕੇ ਕੋਲ ਦੀ ਲੰਘਣ ਲੱਗਿਆ ਤਾਂ ਕੁਲਦੀਪ ਸਿੰਘ ਪੁੱਤਰ ਸੁਖਦੈਵ ਸਿੰਘ ਵਾਸੀ ਫ਼ਤਹਿਗੜ੍ਹ ਗੱਡੀ ਵਿੱਚ ਸਾਥੀਆਂ ਨਾਲ ਬੈਠਿਆ ਸੀ। ਉਸ ਨਾਲ ਉਸ ਦਾ ਜੀਜਾ ਬਲਜੀਤ ਸਿੰਘ ਵਾਸੀ ਅਤਲਾ ਕਲਾਂ ਬੈਠਾ ਸੀ। ਕੁਲਦੀਪ ਸਿੰਘ ਨੇ ਉਸ ਨੂੰ ਆਵਾਜ਼ ਮਾਰ ਕੇ ਰੋਕ ਲਿਆ। ਇਸ ਦੌਰਾਨ ਬਲਜੀਤ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ। ਫੇਰ ਕੁਲਦੀਪ ਸਿੰਘ ਵੀ ਗੁਰਪ੍ਰੀਤ ਸਿੰਘ ਨਾਲ ਗਾਲੀ ਗਲੋਚ ਕਰਨ ਲੱਗਿਆ। ਇਸ ਦੌਰਾਨ ਕੁਲਦੀਪ ਸਿੰਘ ਨੇ ਦੋ ਹਵਾਈ ਫਾਇਰ ਕੀਤੇ। ਮਗਰੋਂ ਕੁਲਦੀਪ ਸਿੰਘ ਵੱਲੋਂ ਚਲਾਈ ਗੋਲੀ ਗੁਰਪ੍ਰੀਤ ਸਿੰਘ ਦੀ ਖੱਬੀ ਲੱਤ ਦੇ ਕੂਲੇ ਵਿੱਚ ਵੱਜੀ।
ਉਧਰ, ਕੁਲਦੀਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਫੋਨ ਕਰਕੇ ਆਪਣੇ ਹੋਰ ਸਾਥੀ ਸੈਂਟੀ ਸਿੰਘ ਵਗੈਰਾ ਨੂੰ ਬੁਲਾ ਲਿਆ ਤੇ ਕੁਲਦੀਪ ਉਨ੍ਹਾਂ ਨੂੰ ਛੁਡਾਉਣ ਲੱਗਿਆ ਤਾਂ ਮੁਲਜ਼ਮਾਂ ਨੇ ਉਸ ’ਤੇ ਹੀ ਹਮਲਾ ਕਰ ਦਿੱਤਾ।