ਪੱਤਰ ਪ੍ਰੇਰਕ
ਸਮਾਣਾ, 18 ਅਗਸਤ
ਡੈਮੋਕ੍ਰੈਟਿਕ ਮਨਰੇਗਾ ਫਰੰਟ ਦੀ ਬਲਾਕ ਕਮੇਟੀ ਮੀਟਿੰਗ ਯੂਨੀਕ ਪਾਰਕ ਵਿੱਚ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਬੀਡੀਪੀਓ ਦਫਤਰ ਸਮਾਣਾ ਦੀ ਨਿਖੇਧੀ ਕੀਤੀ ਗਈ,ਕਿਉਂਕਿ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਬੀਡੀਪੀਓ ਪ੍ਰਸ਼ਾਸਨ ਮਨਰੇਗਾ ਕਾਨੂੰਨ ਅਨੁਸਾਰ ਕੰਮ ਮੰਗਣ ਵਾਲਿਆਂ ਨੂੰ ਕੰਮ ਦੇਣ ਦੀ ਬਜਾਇ, ਸਗੋਂ ਤੰਗ ਕਰ ਰਿਹਾ ਹੈ।
ਕਾਨੂੰਨ ਵਿੱਚ ਮਿਲੀ 100 ਦਿਨ ਕੰਮ ਦੀ ਸੰਵਿਧਾਨਕ ਗਾਰੰਟੀ ਨੂੰ ਖੈਰਾਤ ਬਣਾ ਰੱਖਿਆ ਹੈ। ਨਿਯੁਕਤੀ ਪੱਤਰ ਨਹੀਂ ਦਿੱਤਾ ਜਾ ਰਿਹਾ। ਅਧਿਕਾਰ ਮਿਲੇ ਨੂੰ 19 ਸਾਲ ਹੋ ਚੁੱਕੇ ਹਨ, ਪਰ ਅੱਜੇ ਤੱਕ ਪੰਜਾਬ ਵਿੱਚ ਬੇਰੁਜ਼ਗਾਰੀ ਭੱਤੇ ਲਈ ਫੰਡ ਕਾਇਮ ਨਹੀਂ ਕੀਤਾ। ਮੇਟਾਂ ਨੂੰ ਕਾਨੂੰਨ ਮੁਤਾਬਕ ਅਰਧ ਕੁਸ਼ਲ ਕਾਮੇ ਦਾ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ। ਨਾ ਹੀ ਕੰਮ ਦੀ ਅਰਜ਼ੀ ਆਨਲਾਈਨ ਕੀਤੀ ਜਾ ਰਹੀ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ 23 ਅਗਸਤ ਨੂੰ ਬੀਡੀਪੀਓ ਦਫਤਰ ਵਿੱਚ ਰੋਸ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਨੇ ਦੀਆਂ ਤਿਆਰੀਆਂ ਕਰ ਲਈਆਂ ਹਨ। ਇਸ ਮੌਕੇ ਨਾਭਾ ਬੀਡੀਪੀਓ ਦਫਤਰ ਸਾਹਮਣੇ ਮਨਰੇਗਾ ਮੰਗਾਂ ਨੂੰ ਲੈ ਕੇ ਲੱਗਿਆ ਧਰਨਾ ਜੋ ਲਗਾਤਾਰ ਚਲ ਰਿਹਾ ਹੈ, ਦੀ ਹਮਾਇਤ ਕੀਤੀ। ਇਸ ਮੌਕੇ ਗੁਰਤੇਜ ਸਿੰਘ ਸਮਾਣਾ, ਰਣਵੀਰ ਕੌਰ, ਜੀਤੋ ਕਕਰਾਲਾ, ਨਿਰਮਲ ਸਿੰਘ, ਕੁਲਵੰਤ ਕੌਰ, ਨਿਸ਼ਾ ਰਾਣੀ, ਗੁਰਜੀਤ ਕੌਰ, ਮਨਦੀਪ ਕੌਰ, ਜਰਨੈਲ ਸਿੰਘ, ਜਸਵੀਰ ਕੌਰ ਗੁਰਚਰਨ ਸਿੰਘ ਮੌਜੂਦ ਸਨ।