ਪੱਤਰ ਪ੍ਰੇਰਕ
ਭਵਾਨੀਗੜ੍ਹ, 18 ਅਗਸਤ
ਇੱਥੋਂ ਨੇੜਲੇ ਪਿੰਡ ਸਕਰੌਦੀ ਦੀ ਪੰਚਾਇਤ ਅਤੇ ਸਰਪੰਚ ਜੀਵਨ ਸਿੰਘ ਦੀ ਅਗਵਾਈ ਦੀ ਦੇਖ ਰੇਖ ਹੇਠ ਤੀਆਂ ਮਨਾਈਆਂ ਗਈਆਂ। ਹਰਮੀਤ ਸਿੰਘ ਗਰੇਵਾਲ ਅਤੇ ਅਮਰੀਕ ਸਿੰਘ ਚੌਕੀ ਇੰਚਾਰਜ ਵੱਲੋਂ ਰੀਬਨ ਕੱਟ ਕੇ ਮੇਲੇ ਦੀ ਸ਼ੁਰੂਆਤ ਕਰਵਾਈ ਗਈ। ਜੀਵਨ ਸਿੰਘ ਸਰਪੰਚ ਨੇ ਦੱਸਿਆ ਕਿ ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਅਤੇ ਦੂਰ ਦੁਰਾਡੇ ਵਿਆਹੀਆਂ ਗਈਆਂ ਪਿੰਡ ਦੀਆਂ ਲੜਕੀਆਂ ਨੂੰ ਆਪਸ ਵਿੱਚ ਮਿਲਾਉਣ ਲਈ ਪੰਚਾਇਤ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੌਰਾਨ ਔਰਤਾਂ ਨੇ ਇਕੱਠੀਆਂ ਹੋ ਕੇ ਬੋਲੀਆਂ ਪਾਈਆਂ ਅਤੇ ਗਿੱਧਾ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਪਿੰਡ ਦੀਆਂ ਧੀਆਂ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਕੁੜੀਆਂ ਜੋ ਦੂਰ ਦੁਰਾਡੇ ਵਿਆਹੀਆਂ ਗਈਆਂ ਸਨ, ਉਹ ਕਈ ਸਾਲਾਂ ਬਾਅਦ ਇਸ ਤੀਆਂ ਦੇ ਤਿਉਹਾਰ ਉੱਤੇ ਇਕੱਠੀਆਂ ਹੋਈਆਂ ਹਨ।ਇਸ ਮੌਕੇ ਪੰਚਾਇਤ ਵੱਲੋਂ ਜਲੇਬੀਆਂ ਅਤੇ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ।