ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 18 ਅਗਸਤ
ਪੰਜਾਬ ਉਰਦੂ ਅਕੈਡਮੀ ਮਾਲੇਰਕੋਟਲਾ (ਉੱਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ, ਪੰਜਾਬ ਸਰਕਾਰ) ਉਰਦੂ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਅਕੈਡਮੀ ਵੱਲੋਂ ਫ਼ਾਰਸੀ, ਉਰਦੂ ਤੇ ਅਰਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ ਲਈ ਬੀਏ, ਐੱਮਏ ਅਤੇ ਉੱਚ ਸਿੱਖਿਆ ਦੇ ਪਾਠਕ੍ਰਮ ਦੀਆਂ ਪੁੁਸਤਕਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਮਾਲੇਰਕੋਟਲਾ ਦੇ ਵਿਧਾਇਕ ਅਤੇ ਪੰਜਾਬ ਉਰਦੂ ਅਕੈਡਮੀ ਦੇ ਵਾਈਸ ਚੇਅਰਮੈਨ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਅਤੇ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਕਿਤਾਬਾਂ ਦੀ ਵੱਡੀ ਭੂਮਿਕਾ ਹੈ। ਉਧਰ, ਕਿਤਾਬਾਂ ਮਿਲਣ ’ਤੇ ਫ਼ਾਰਸੀ, ਉਰਦੂ ਤੇ ਅਰਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਡਾ. ਰਹਿਮਾਨ ਅਖ਼ਤਰ, ਪ੍ਰੋਫ਼ੈਸਰ ਮੁਹੰਮਦ ਜਮੀਲ, ਡਾ. ਮੁਹੰਮਦ ਜਮੀਲ ਅਤੇ ਡਾ. ਮੁਹੰਮਦ ਅਯੂਬ ਨੇ ਅਕੈਡਮੀ ਦਾ ਧੰਨਵਾਦ ਕੀਤਾ ਅਤੇ ਅਕੈਡਮੀ ਦੀ ਸ਼ਲਾਘਾਯੋਗ ਕਾਰਜਸ਼ੀਲਤਾ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਅਕੈਡਮੀ ਇੰਚਾਰਜ ਮੁਹੰਮਦ ਸਾਦਿਕ ਥਿੰਦ, ਲਾਇਬ੍ਰੇਰੀਅਨ ਮੁਹੰਮਦ ਸਈਦ ਅਤੇ ਮੁਹੰਮਦ ਇਮਰਾਨ ਮੌਜੂਦ ਸਨ।