ਪੱਤਰ ਪ੍ਰੇਰਕ
ਮਾਨਸਾ, 18 ਅਗਸਤ
ਮਾਲਵਾ ਪੱਟੀ ਦੇ ਖੇਤਾਂ ਦਾ ਦੌਰਾ ਕਰਨ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਅਤੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੇ ਨਰਮਾ ਉਤਪਾਦਕਾਂ ਨੂੰ ਸਲਾਹ ਦਿੱਤੀ ਹੈ ਕਿ ਫ਼ਿਲਹਾਲ ਫ਼ਸਲ ਉੱਤੇ ਕਿਸੇ ਕਿਸਮ ਦੇ ਛਿੜਕਾਅ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਮਾਲਵਾ ਖੇਤਰ ਵਿੱਚ ਘੱਟ ਮੀਂਹ ਪੈ ਰਹੇ ਹਨ, ਜਿਸ ਕਾਰਨ ਨਰਮੇ-ਕਪਾਹ ਦੀ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦੇਣ ਅਤੇ ਇਹ ਘਾਟ ਨਰਮੇ ਦੇ ਝਾੜ ਉੱਪਰ ਮਾੜਾ ਅਸਰ ਪਾਉਂਦੀ ਹੈ।
ਖੇਤੀਬਾੜੀ ਵਿਭਾਗ ਦੇ ਮਾਨਸਾ ਸਥਿਤ ਮੁੱਖ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਅਤੇ ਸਹਾਇਕ ਖੇਤੀ ਅਫ਼ਸਰ ਡਾ. ਮਨੋਜ ਕੁਮਾਰ ਨੇ ਜ਼ਿਲ੍ਹੇ ਵਿਚਲੇ ਖੇਤਾਂ ਦਾ ਦੌਰਾ ਕਰਨ ਤੋਂ ਪਿੱਛੋਂ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮੇਂ ਕਿਸਾਨਾਂ ਨੂੰ, ਜਿੰਨਾ ਕੀੜੇ, ਪਤੰਗਿਆਂ ਤੇ ਸੁੰਡੀਆਂ ਤੋਂ ਫ਼ਸਲ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੈ, ਉਨ੍ਹਾਂ ਹੀ ਇਸ ਲਈ ਲਗਾਤਾਰ ਪਾਣੀ ਦਿੰਦੇ ਰਹਿਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਬੀਟੀ ਫ਼ਸਲ ਲਈ ਲੋੜੀਂਦੀ ਖਾਦ ਦੀ ਘਾਟ ਬਿਲਕੁਲ ਨਹੀਂ ਆਉਣ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕਿਸਾਨ 2 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ ਦਾ ਘੋਲ, 100 ਲਿਟਰ ਪਾਣੀ ਵਿਚ ਪਾ ਕੇ ਛਿੜਕਾਅ ਜ਼ਰੂਰ ਕਰਨ।
ਇਸੇ ਦੌਰਾਨ ਹੀ ਮਾਨਸਾ ਖੇਤਰ ਦੇ ਦੌਰੇ ਦੌਰਾਨ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੇ ਦੇਖਿਆ ਹੈ ਕਿ ਨਰਮੇ ਪੱਟੀ ਦੇ ਕਿਸਾਨਾਂ ਨੂੰ ਬੀਟੀ ਕਾਟਨ ’ਤੇ ਯੂਰੀਆ ਖਾਦ ਦੀ ਆਖ਼ਰੀ ਕਿਸ਼ਤ ਦੇਣ ਦਾ ਇਸ ਵੇਲੇ ਢੁੱਕਵਾਂ ਸਮਾਂ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਬੀਟੀ ਕਾਟਨ ਲਈ 130 ਕਿਲੋ ਯੂਰੀਆ ਖਾਦ ਸਿਫ਼ਾਰਸ਼ ਕੀਤੀ ਗਈ ਹੈ ਅਤੇ ਯੂਰੀਆ ਖਾਦ 46 ਫ਼ੀਸਦੀ ਨਾਈਟ੍ਰੋਜਨ ਦੇ ਰੂਪ ਵਿਚ ਬਾਜ਼ਾਰ ਵਿੱਚੋਂ ਇਸ ਵੇਲੇ ਸੌਖਿਆਂ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਗਸਤ ਦੇ ਪਹਿਲੇ ਹਫ਼ਤੇ ਨਰਮੇ ਦੀ ਫ਼ਸਲ ਵੱਲੋਂ ਫੁੱਲ ਕੱਢਣੇ ਸ਼ੁਰੂ ਹੋ ਜਾਂਦੇ ਹਨ, ਜਿਸ ਕਰ ਕੇ ਇਸ ਨੂੰ ਯੂਰੀਆ ਦੀ ਕਮੀ ਨਹੀਂ ਆਉਣ ਦੇਣੀ ਚਾਹੀਦੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਕਿਹਾ ਕਿ ਕਿਸਾਨਾਂ ਨੂੰ ਹਲਕੀਆਂ ਜ਼ਮੀਨਾਂ ਵਿਚ ਨਰਮੇ ਦੀ ਫ਼ਸਲ ਨੂੰ 20 ਕਿਲੋ ਮਿਊਰੇਟ ਆਫ ਪੋਟਾਸ਼ ਖਾਦ ਅਤੇ 10 ਕਿਲੋ ਜ਼ਿੰਕ ਸਲਫ਼ੇਟ ਹੈਪੇਟਾਹਾਈਡਰੈਅ ਜਾਂ 6.5 ਕਿਲੋ ਜਿੰਕ ਸਲਫੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।
ਖੇਤੀ ਵਿਗਿਆਨੀਆਂ ਨੇ ਕਿਸਾਨ ਨੂੰ ਚੌਕਸ ਕਰਦਿਆਂ ਕਿਹਾ ਕਿ ਉਹ ਮਹਿਕਮੇ ਤੋਂ ਬਿਨਾਂ ਹੋਰ ਕਿਸੇ ਵੀ ਏਜੰਟ ਜਾਂ ਡੀਲਰ ਦੇ ਆਖੇ ਲੱਗ ਕੇ ਕਿਸੇ ਕਿਸਮ ਦੀ ਕੋਈ ਖਾਦ ਖੇਤਾਂ ਵਿੱਚ ਨਾ ਪਾਉਣ ਅਤੇ ਨਾ ਹੀ ਕੋਈ ਦਵਾਈ ਦਾ ਛਿੜਕਾਅ ਕਰਨ।