ਪੱਤਰ ਪ੍ਰੇਰਕ
ਕਾਲਾਂਵਾਲੀ, 18 ਅਗਸਤ
ਇੱਥੋਂ ਦੀ ਸੀਆਈਏ ਸਟਾਫ ਪੁਲੀਸ ਦੀ ਟੀਮ ਨੇ ਕਾਲਾਂਵਾਲੀ ਵਿੱਚ ਪੌਣੇ ਸੱਤ ਲੱਖ ਰੁਪਏ ਦੀ ਲੁੱਟ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਜੁਨੈਲ ਵਾਸੀ ਚਕੇਰੀਆਂ ਅਤੇ ਅਰਸ਼ਦੀਪ ਉਰਫ਼ ਅਰਸ਼ ਪੁੱਤਰ ਹਰਚਰਨ ਸਿੰਘ ਵਾਸੀ ਕਾਲਾਂਵਾਲੀ ਅਤੇ ਗੁਰਸੇਵਕ ਸਿੰਘ ਉਰਫ਼ ਦੀਪ ਪੁੱਤਰ ਜਗਸੀਰ ਸਿੰਘ ਵਾਸੀ ਚਕੇਰੀਆਂ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਅਤੇ ਲੁੱਟ ਦੀ ਰਕਮ ਵਿੱਚੋਂ 4,95,000 ਰੁਪਏ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਕਾਲਾਂਵਾਲੀ ਦੇ ਇੰਚਾਰਜ ਵਰਿੰਦਰ ਸਿੰਘ ਨੇ ਦੱਸਿਆ ਕਿ 12 ਅਗਸਤ ਨੂੰ ਹਰਬੰਸ ਲਾਲ ਪੁੱਤਰ ਗਿਰਧਾਰੀ ਲਾਲ ਵਾਸੀ ਕਾਲਾਂਵਾਲੀ ਦੀ ਸ਼ਿਕਾਇਤ ’ਤੇ ਲੁੱਟ ਦਾ ਕੇਸ ਦਰਜ ਕੀਤਾ ਗਿਆ ਸੀ। ਉਸ ਨੇ ਦੱਸਿਆ ਸੀ ਕਿ ਜਦੋਂ ਉਹ 6,40,000 ਰੁਪਏ ਦੀ ਨਗਦੀ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ ਤਾਂ ਰੇਲਵੇ ਫਾਟਕ ਤੋਂ ਕੁਝ ਦੂਰੀ ’ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਆ ਕੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਹਥਿਆਰ ਦਿਖਾ ਕੇ ਉਸ ਦਾ ਸਕੂਟਰ ਲੈ ਕੇ ਫ਼ਰਾਰ ਹੋ ਗਏ। ਸਕੂਟਰ ਵਿੱਚ 6 ਲੱਖ 40 ਹਜ਼ਾਰ ਰੁਪਏ ਦੀ ਰਕਮ ਸੀ। ਇਸ ਕੇਸ ਦੀ ਤਫ਼ਤੀਸ਼ ਦੌਰਾਨ ਉਪ ਪੁਲੀਸ ਕਪਤਾਨ ਕਾਲਾਂਵਾਲੀ ਰਾਜੀਵ ਕੁਮਾਰ ਦੀ ਅਗਵਾਈ ਹੇਠ ਸੀਸੀਟੀਵੀ ਫੁਟੇਜ ਅਤੇ ਸਾਈਬਰ ਸੈੱਲ ਦੀ ਮਦਦ ਨਾਲ ਮੁਲਜ਼ਮ ਜੁਨੈਲ ਵਾਸੀ ਚਕੇਰੀਆਂ ਸਣੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਗੁਰਸੇਵਕ ਅਤੇ ਜਗਸੀਰ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਕਰਨ ਤੋਂ ਬਾਅਦ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਕੇ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।