ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਗਸਤ
ਇੱਥੇ ਤਾਜਪੁਰ ਰੋਡ ’ਤੇ ਅੰਮ੍ਰਿਤ ਧਰਮ ਕੰਡੇ ਦੇ ਸਾਹਮਣੇ ਪੈਂਦੇ ਬੁੱਢੇ ਨਾਲੇ ਵਿੱਚ ਅੱਜ ਸਵੇਰੇ ਗਲੀ ਸੜੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਹ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਸੇ ਨੇ ਇਸ ਵਿਅਕਤੀ ਨੂੰ ਮਾਰ ਕੇ ਨਾਲੇ ਵਿੱਚ ਸੁੱਟਿਆ ਹੈ। ਇਸ ਲਾਸ਼ ਸਬੰਧੀ ਉਸ ਸਮੇਂ ਪਤਾ ਲੱਗਾ ਜਦੋਂ ਐਤਵਾਰ ਸਵੇਰੇ ਲੋਕ ਸੈਰ ਕਰਦੇ ਜਾਂ ਡੇਅਰੀਆਂ ਵਿੱਚੋਂ ਦੁੱਧ ਆਦਿ ਲੈਣ ਜਾ ਰਹੇ ਸਨ। ਇਨ੍ਹਾਂ ਵਿੱਚੋਂ ਹੀ ਕਿਸੇ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਥਾਣਾ ਡਿਵੀਜ਼ਨ ਸੱਤ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਨਾਲੇ ਵਿੱਚੋਂ ਬਾਹਰ ਕਢਵਾਇਆ ਅਤੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਬੁੱਢੇ ਨਾਲੇ ਵਿੱਚੋਂ ਆਏ ਦਿਨ ਲਾਸ਼ਾਂ ਮਿਲਣ ਨਾਲ ਲੋਕਾਂ ਵਿੱਚ ਦਿਨੋਂ ਦਿਨ ਦਹਿਸ਼ਤ ਵਧਦੀ ਜਾ ਰਹੀ ਹੈ। ਐਤਵਾਰ ਸਵੇਰੇ ਵੀ ਲੋਕਾਂ ਨੇ ਬੁੱਢੇ ਦਰਿਆ ਵਿੱਚ ਲਾਸ਼ ਤੈਰਦੀ ਹੋਈ ਦੇਖੀ। ਦੇਖਦੇ ਹੀ ਦੇਖਦੇ ਬੁੱਢੇ ਨਾਲੇ ਨੇੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਪੁਲੀਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਬੁੱਢੇ ਦਰਿਆ ਵਿੱਚੋਂ ਬਾਹਰ ਕਢਵਾਇਆ ਅਤੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਤਾਜਪੁਰ ਚੌਕੀ ਦੇ ਇੰਚਾਰਜ ਜਨਕ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਕਿਸੇ ਰਾਹਗੀਰ ਨੇ ਉਕਤ ਲਾਸ਼ ਬਾਰੇ ਜਾਣਕਾਰੀ ਦਿੱਤੀ ਸੀ। ਲਾਸ਼ ਦੀ ਹਾਲਤ ਨੂੰ ਦੇਖ ਕੇ ਇਹ ਪੰਜ-ਛੇ ਦਿਨ ਪੁਰਾਣੀ ਲੱਗ ਰਹੀ ਸੀ। ਸਰੀਰ ਵਿੱਚੋਂ ਆਂਦਰਾਂ ਤੱਕ ਵੀ ਬਾਹਰ ਨਿਕਲੀਆਂ ਹੋਈਆਂ ਸਨ। ਲਾਸ਼ ਗਲ ਚੁੱਕੀ ਹੋਣ ਕਰਕੇ ਪਛਾਣ ਨਹੀਂ ਹੋ ਸਕੀ। ਐੱਸਆਈ ਜਨਕ ਰਾਜ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਲਾਪਤਾ ਹਨ, ਉਹ ਆਏ ਸਨ, ਪਰ ਅਜੇ ਤੱਕ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਵਿਅਕਤੀ ਦੀ ਮੌਤ ਬਾਰੇ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਜੇ ਵਿਅਕਤੀ ਦੀ ਹੱਤਿਆ ਕੀਤੀ ਗਈ ਹੈ ਤਾਂ ਮ੍ਰਿਤਕ ਦੀ ਪਛਾਣ ਹੋਣੀ ਜ਼ਰੂਰੀ ਹੈ।