ਸ੍ਰੀਨਗਰ, 19 ਅਗਸਤ
ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦੇ ਨਵ-ਨਿਯੁਕਤ ਮੁਖੀ ਤਾਰਿਕ ਹਮੀਦ ਕਾਰਾ ਨੇ ਅੱਜ ਕਿਹਾ ਕਿ ਨੈਸ਼ਨਲ ਕਾਨਫਰੰਸ ਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੇ ਆਗੂ ਵਿਧਾਨ ਸਭਾ ਚੋਣਾਂ ’ਚ ਗੱਠਜੋੜ ਲਈ ਕਾਂਗਰਸ ਦੇ ਸੰਪਰਕ ਵਿੱਚ ਹਨ।
ਕਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਜਿੱਥੇ ਤੱਕ ਮੇਰੀ ਜਾਣਕਾਰੀ ਹੈ ਨੈਸ਼ਨਲ ਕਾਨਫਰੰਸ ਨੇ ਗੱਠਜੋੜ ਲਈ ਕੇਂਦਰੀ ਲੀਡਰਸ਼ਿਪ ਨਾਲ ਸੰਪਰਕ ਕੀਤਾ ਹੈ।’ ਕਾਰਾ ਨੂੰ ਪਿਛਲੇ ਹਫ਼ਤੇ ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਹ ਪੁੱਛੇ ਜਾਣ ’ਤੇ ਕਿ ਕੀ ਪੀਡੀਪੀ ਨੇ ਗੱਠਜੋੜ ਲਈ ਕਾਂਗਰਸ ਨਾਲ ਸੰਪਰਕ ਕੀਤਾ ਹੈ ਤਾਂ ਉਨ੍ਹਾਂ ਕਿਹਾ, ‘ਕਿਸੇ ਪੱਧਰ ’ਤੇ ਗੱਲਬਾਤ ਹੋਈ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਪੂਰਾ ਯਕੀਨ ਹੈ ਕਿ ‘ਇੰਡੀਆ’ ਗੱਠਜੋੜ ’ਚ ਸ਼ਾਮਲ ਖੇਤਰੀ ਪਾਰਟੀਆਂ ਜੇ ਉਸ ਮਕਸਦ ਨੂੰ ਜਾਰੀ ਰੱਖਦੀਆਂ ਹਨ ਜਿਸ ਲਈ ਇਹ ਗੱਠਜੋੜ ਬਣਾਇਆ ਗਿਆ ਸੀ ਤਾਂ ਉਹ ਕਾਮਯਾਬ ਜ਼ਰੂਰ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੀ ਸੂਬਾਈ ਇਕਾਈ ਅੰਦਰ ਵੀ ਇਸ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਾਰੀਆਂ ਹਮਖਿਆਲੀ ਪਾਰਟੀਆਂ ਨਾਲ ਗੱਠਜੋੜ ਲਈ ਤਿਆਰ ਹੈ।
ਉਨ੍ਹਾਂ ਕਿਹਾ, ‘ਅਸੀਂ ਸਾਰੀਆਂ ਹਮਖਿਆਲੀ ਪਾਰਟੀਆਂ ਨਾਲ (ਗੱਠਜੋੜ ਲਈ) ਰਾਜ਼ੀ ਹਾਂ ਜਿਨ੍ਹਾਂ ਭਾਜਪਾ ਦੇ ਤਾਨਾਸ਼ਹੀ ਰਵੱਈਏ ਖ਼ਿਲਾਫ਼ ਝੰਡਾ ਬੁਲੰਦ ਕੀਤਾ ਹੈ।’ ਇਸ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਕਾਂਗਰਸ ਲਈ ਸੂਬੇ ਦਾ ਦਰਜਾ ਬਹਾਲ ਕਰਨਾ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਨੇ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਤਬਦੀਲ ਕਰਕੇ ਗ਼ੈਰਸੰਵਿਧਾਨਕ ਕਦਮ ਚੁੱਕਿਆ ਹੈ। -ਪੀਟੀਆਈ