ਨਵੀਂ ਦਿੱਲੀ, 19 ਅਗਸਤ
ਪੰਜਾਬ ਵਿੱਚ ਰੂਪਨਗਰ ਜ਼ਿਲ੍ਹੇ ਦੇ ਨੰਗਲ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸਥਾਨਕ ਇਕਾਈ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਉਰਫ ਵਿਕਾਸ ਬੱਗਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੇ ਸਹਿਯੋਗ ਨਾਲ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਕਤਲ ਵਿੱਚ ਇਸਤੇਮਾਲ ਹੋਇਆ ਗੈਰ-ਕਾਨੂੰਨੀ ਅਸਲਾ ਇਸੇ ਮੁਲਜ਼ਮ ਨੇ ਸਪਲਾਈ ਕੀਤਾ ਸੀ।
ਇਕ ਸਰਕਾਰੀ ਬਿਆਨ ਮੁਤਾਬਕ, ਮੁਲਜ਼ਮ ਧਰਮਿੰਦਰ ਕੁਮਾਰ ਉਰਫ ਕੁਨਾਲ (22) ਇਸ ਮਾਮਲੇ ਵਿੱਚ ਲੋੜੀਂਦਾ ਸੀ। ਉਸ ਨੂੰ ਐੱਨਆਈਏ ਦੀਆਂ ਟੀਮਾਂ ਨੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੇ ਸਹਿਯੋਗ ਨਾਲ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ। ਉਸ ਨੂੰ ਆਈਪੀਸੀ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਤਿਵਾਦੀ ਵਿਰੋਧੀ ਏਜੰਸੀ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ, ਐੱਨਆਈਏ ਦੀ ਜਾਂਚ ਵਿੱਚ ਪਤਾ ਲੱਗਾ ਕਿ ਉਹ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਅਸਲਾ ਖਰੀਦ ਕੇ ਲਿਆਇਆ ਸੀ ਜੋ ਕਿ ਉਸ ਨੇ ਵਿਦੇਸ਼ ਵਿੱਚ ਰਹਿੰਦੇ ਖਾਲਿਸਤਾਨੀ ਅਤਿਵਾਦੀ ਹਰਵਿੰਦਰ ਕੁਮਾਰ ਉਰਫ ਸੋਨੂ ਦੇ ਕਹਿਣ ’ਤੇ ਸ਼ੂਟਰਾਂ ਨੂੰ ਸਪਲਾਈ ਕੀਤਾ ਸੀ।
ਵਧੀਕ ਪੁਲੀਸ ਕਮਿਸ਼ਨਰ ਪੀਐੱਸ ਕੁਸ਼ਵਾਹਾ ਨੇ ਕਿਹਾ, ‘‘ਵਿਕਾਸ ਪ੍ਰਭਾਕਰ ਦੀ ਹੱਤਿਆ ਵਿੱਚ ਵਰਤਿਆ ਗਿਆ ਅਸਲਾ ਮੁਲਜ਼ਮ ਮੱਧ ਪ੍ਰਦੇਸ਼ ਤੋਂ ਲਿਆਇਆ ਸੀ। ਐੱਨਆਈਏ ਤੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੀ ਇਕ ਸਾਂਝੀ ਟੀਮ ਨੇ ਮੁਲਜ਼ਮ ਨੂੰ ਲੁਧਿਆਣਾ ਦੀ ਬਾਲਮੀਕਿ ਕਲੋਨੀ ਤੋਂ ਕਾਬੂ ਕੀਤਾ।’’ ਜਾਂਚ ਏਜੰਸੀ ਮੁਤਾਬਕ, ਸ਼ੂਟਰਾਂ ਦੀ ਪਛਾਣ ਮਨਦੀਪ ਕੁਮਾਰ ਉਰਫ ਮੰਗਲੀ ਅਤੇ ਸੁਰਿੰਦਰ ਕੁਮਾਰ ਉਰਫ ਰਿਕਾ ਵਾਸੀਆਨ ਸ਼ਹੀਦ ਭਗਤ ਸਿੰਘ ਨਗਰ, ਪੰਜਾਬ ਵਜੋਂ ਹੋਈ ਹੈ। ਦੋਹਾਂ ਨੂੰ 16 ਅਪਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਵੇਲੇ ਉਹ ਨਿਆਂਇਕ ਹਿਰਾਸਤ ਵਿੱਚ ਹਨ।
ਐੱਨਆਈਏ ਨੇ ਕਿਹਾ ਕਿ ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਇਨ੍ਹਾਂ ਫਰਾਰ ਮੁਲਜ਼ਮਾਂ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹਰਜੀਤ ਸਿੰਘ ਉਰਫ ਲਾਡੀ ਅਤੇ ਕੁਲਵੀਰ ਸਿੰਘ ਉਰਫ ਸਿੱਧੂ ਸ਼ਾਮਲ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ 10-10 ਲੱਖ ਰੁਪਏ ਦਾ ਨਕਦ ਇਨਾਮ ਰੱਖਿਆ ਗਿਆ ਹੈ। -ਪੀਟੀਆਈ
ਵਿਕਾਸ ਬੱਗਾ ਦਾ 13 ਅਪਰੈਲ ਨੂੰ ਹੋਇਆ ਸੀ ਕਤਲ
ਜ਼ਿਕਰਯੋਗ ਹੈ ਕਿ 13 ਅਪਰੈਲ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਬੱਗਾ ਦਾ ਉਸ ਦੀ ਕਨਫੈਕਸ਼ਨਰੀ ਦੀ ਦੁਕਾਨ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਐੱਨਆਈਏ ਨੇ 9 ਮਈ ਨੂੰ ਸੂਬੇ ਦੀ ਪੁਲੀਸ ਤੋਂ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਲੈ ਲਈ ਸੀ। ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਧਰਮਿੰਦਰ ਕੁਮਾਰ ਨੇ ਅਪਰਾਧ ਵਿੱਚ ਸ਼ਮੂਲੀਅਤ ਕਬੂਲ ਲਈ ਹੈ। ਉਹ ਪਹਿਲਾਂ ਵੀ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਲਿਆ ਕੇ ਸਪਲਾਈ ਕਰਨ ਦੇ ਮਾਮਲੇ ਵਿੱਚ ਸ਼ਾਮਲ ਸੀ। ਉਸ ਖਿਲਾਫ ਮੱਧ ਪ੍ਰਦੇਸ਼ ਤੇ ਪੰਜਾਬ ਵਿੱਚ ਆਰਮਜ਼ ਐਕਟ ਤਹਿਤ ਦੋ ਕੇਸ ਦਰਜ ਹਨ।