ਪੱਤਰ ਪ੍ਰੇਰਕ
ਪਟਿਆਲਾ, 19 ਅਗਸਤ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਕਿਹਾ ਹੈ ਕਿ ਕੋਲਕਾਤਾ ਵਿਚ ਇਕ ਟਰੇਨੀ ਡਾਕਟਰ ਦੀ ਜਬਰ-ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ ਵਿਚ ਡਾਕਟਰਾਂ ਵੱਲੋਂ ਭਾਰਤ ਭਰ ਵਿਚ ਕੀਤੀ ਜਾ ਰਹੀ ਹੜਤਾਲ ਦੀ ਕਿਸਾਨ ਜਥੇਬੰਦੀਆਂ ਹਮਾਇਤ ਕਰਦੀਆਂ ਹਨ। ਉਹ ਡਾਕਟਰਾਂ ਦੇ ਸੱਦੇ ’ਤੇ ਹਰ ਧਰਨੇ ਤੇ ਹਰ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਤਿਆਰ ਹਨ। ਭਾਜਪਾ ਦੀ ਡਬਲ ਇੰਜਣ ਉਤਰਾਖੰਡ ਦੀ ਸਰਕਾਰ ਵਿਚ ਕੋਲਕਾਤਾ ਕਾਂਡ ਤੋਂ ਬਾਅਦ ਇਕ ਨਰਸ ਨਾਲ ਜਬਰ-ਜਨਾਹ ਕੀਤਾ ਗਿਆ ਤੇ ਉਸ ਨੂੰ ਮਾਰ ਕੇ ਯੂਪੀ ਬਾਰਡਰ ’ਤੇ ਸੁੱਟ ਦਿੱਤਾ ਗਿਆ ਪਰ ਮੀਡੀਆ ਉਨ੍ਹਾਂ ਨੂੰ ਦਬਵੀਂ ਆਵਾਜ਼ ਵਿਚ ਪੇਸ਼ ਕਰ ਰਿਹਾ ਹੈ ਜੋ ਸਰਾਸਰ ਗ਼ਲਤ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਹਾਥਰਸ ਤੇ ਉਨਾਓ ਕਾਂਡ ਬਾਰੇ ਗੰਭੀਰ ਹੁੰਦੇ ਤਾਂ ਹੋਰਾਂ ਦੇ ਹੌਸਲੇ ਇੰਨੇ ਬੁਲੰਦ ਨਾ ਹੁੰਦੇ। ਸ੍ਰੀ ਪੰਧੇਰ ਨੇ ਕਿਹਾ ਕਿ ਹੁਣ ਉਹ ਸ਼ੰਭੂ ਬਾਰਡਰ ’ਤੇ ਵੱਡਾ ਇਕੱਠ ਕਰਨ ਜਾ ਰਹੇ ਹਨ ਤੇ ਸਾਰੇ ਪੰਜਾਬ ਵਿਚੋਂ ਕਿਸਾਨਾਂ ਨੇ ਸ਼ੰਭੂ ਬਾਰਡਰ ਜਾਣ ਲਈ ਵਹੀਰਾਂ ਘੱਤ ਲਈਆਂ ਹਨ। ਹਰਿਆਣਾ ’ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹੁਣ ਕਿਸਾਨਾਂ ਨੂੰ ਮਿਲਣ ਦਾ ਡਰਾਮਾ ਕਰ ਰਹੇ ਹਨ ਪਰ ਹਰਿਆਣਾ ਸਰਕਾਰ ਨੇ ਜੋ ਕਿਸਾਨਾਂ ’ਤੇ ਕਹਿਰ ਵਰਤਾਇਆ ਹੈ ਉਹ ਕਦੇ ਨਹੀਂ ਭੁਲਾਇਆ ਜਾ ਸਕਦਾ।