ਪੱਤਰ ਪ੍ਰੇਰਕ
ਰਤੀਆ, 19 ਅਗਸਤ
ਸਦਰ ਥਾਣੇ ਦੇ ਹੈੱਡ ਕਾਂਸਟੇਬਲ ਨਿਰਮਲ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਟੀਮ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਚੰਦੋਕਲਾਂ ਵਿੱਚ ਆਪਣੇ ਘਰ ਨੇੜੇ ਭੱਠੀ ਲਾ ਕੇ ਨਾਜਾਇਜ਼ ਸ਼ਰਾਬ ਕੱਢਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਗੁਰਜੰਟ ਸਿੰਘ ਨੂੰ 120 ਲਿਟਰ ਲਾਹਣ ਅਤੇ 32 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਇੰਚਾਰਜ ਓਮ ਪ੍ਰਕਾਸ਼ ਨੇ ਦੱਸਿਆ ਕਿ ਪੁਲੀਸ ਦੀ ਟੀਮ ਪਿੰਡ ਚੰਦੋ ਕਲਾਂ ਦੇ ਬੱਸ ਸਟੈਂਡ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਦਾ ਗੁਰਜੰਟ ਸਿੰਘ ਆਪਣੇ ਘਰ ਕੋਲ ਭੱਠੀ ਲਾ ਕੇ ਸ਼ਰਾਬ ਕੱਢ ਰਿਹਾ ਹੈ। ਪੁਲੀਸ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਪਿੰਡ ਦੇ ਚੌਕੀਦਾਰ ਨੂੰ ਨਾਲ ਲੈ ਕੇ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਟੀਮ ਨੇ ਛਾਪਾ ਮਾਰਿਆ ਤਾਂ ਨੌਜਵਾਨ ਭੱਠੀ ਲਾ ਕੇ ਸ਼ਰਾਬ ਕੱਢ ਰਿਹਾ ਸੀ। ਪੁਲੀਸ ਨੇ ਉਸ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ’ਚੋਂ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕਰਨ ਦੇ ਨਾਲ ਨਾਲ ਸ਼ਰਾਬ ਤਿਆਰ ਕਰਨ ਵਾਲਾ ਸਾਰਾ ਸਾਮਾਨ ਵੀ ਕਬਜ਼ੇ ਵਿਚ ਲੈ ਲਿਆ।
ਇਸੇ ਤਰ੍ਹਾਂ ਸਿਟੀ ਥਾਣਾ ਪੁਲੀਸ ਦੀ ਟੀਮ ਨੇ ਹੈੱਡ ਕਾਂਸਟੇਬਲ ਮਹਿੰਦਰ ਸਿੰਘ ਦੀ ਅਗਵਾਈ ਹੇਠ ਬੁਢਲਾਡਾ ਰੋਡ ਤੋਂ ਇਕ ਨੌਜਵਾਨ ਨੂੰ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਵਿਜੈ ਕੁਮਾਰ ਵਜੋਂ ਹੋਈ ਹੈ। ਉਸ ਕੋਲੋਂ ਸ਼ਰਾਬ ਦੀਆਂ 37 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਪਤਾ ਕੀਤਾ ਜਾਵੇਗਾ ਕਿ ਵਿਜੈ ਕੁਮਾਰ ਨੇ ਇਹ ਸ਼ਰਾਬ ਕਿੱਥੇ ਵੇਚਣੀ ਸੀ।