ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਗਸਤ
ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਇੱਥੋਂ ਦੇ ਸੈਕਟਰ-16 ਸਥਿਤ ਕਲਾ ਭਵਨ ਵਿੱਚ ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ ਸਮਰਪਿਤ ਫੋਟੋਗ੍ਰਾਫੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਸ੍ਰੀ ਚੀਮਾ ਨੇ ਸੰਜੀਵ ਸ਼ਰਮਾ, ਟੀਐੱਸ ਬੇਦੀ, ਰਜਨੀਸ਼ ਕਤਿਆਲ, ਅਜੈ ਵਰਮਾ ਅਤੇ ਜੈਪਾਲ ਨੂੰ ਫੋਟੋਗ੍ਰਾਫੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਲਾਈਫਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ। ਉਨ੍ਹਾਂ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਫੋਟੋਗ੍ਰਾਫਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਾਗੀਦਾਰੀ ਸਰਟੀਫਿਕੇਟ ਵੀ ਸੌਂਪੇ। ਇਹ ਪ੍ਰਦਰਸ਼ਨੀ 21 ਅਗਸਤ ਤੱਕ ਚੱਲੇਗੀ। ਪ੍ਰਦਰਸ਼ਨੀ ਵਿੱਚ 65 ਪ੍ਰਤਿਭਾਸ਼ਾਲੀ ਫੋਟੋਗ੍ਰਾਫ਼ਰਾਂ ਵੱਲੋਂ 150 ਫੋਟੋਆਂ ਪੇਸ਼ ਕੀਤੀਆਂ ਗਈਆਂ ਹਨ, ਜੋ ਉਨ੍ਹਾਂ ਦੀ ਰਚਨਾਤਮਕ ਦ੍ਰਿਸ਼ਟੀ ਅਤੇ ਹੁਨਰ ਨੂੰ ਦਰਸਾਉਂਦੀਆਂ ਹਨ।