ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਗਸਤ
ਚੰਡੀਗੜ੍ਹ ਟਰੈਫਿਕ ਪੁਲੀਸ ਵੱਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ‘ਸੜਕ ਸੁਰੱਖਿਆ ਬੰਧਨ’ ਵਜੋਂ ਮਨਾਇਆ ਗਿਆ। ਟਰੈਫਿਕ ਪੁਲੀਸ ਦੇ ਮੁਲਜ਼ਮਾਂ ਨੇ ਸੈਕਟਰ-26 ’ਚ ਵਾਲਮਿਕ ਧਰਮਸ਼ਾਲਾ, ਹਾਊਸਿੰਗ ਬੋਰਡ ਲਾਈਟ ਪੁਆਇੰਟ ਮਨੀਮਾਜਰਾ ਤੇ ਸੈਕਟਰ-23 ਵਿਖੇ ਲੋਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਟਰੈਫਿਕ ਪੁਲੀਸ ਦੇ ਸਮਾਜ ਸੇਵੀ ਜਥੇਬੰਦੀ ਯੁਵਾ ਸਤੰਭ, ਸ੍ਰੀ ਕਾਂਸ਼ੀ ਚੈਰੀਟੇਬਲ ਟਰੱਸਟ ਤੇ ਮਹਾਰਾਜਾ ਅਗਰਸੈਨ ਵੈੱਲਫੇਅਰ ਟਰੱਸਟ ਪੰਚਕੂਲਾ ਦੇ ਮੈਂਬਰਾਂ ਨੇ ਲੋਕਾਂ ਦੇ ਰੱਖਿਆ ਸੂਤਰ ਬੰਨੇ ਗਏ। ਪੁਲੀਸ ਨੇ ਆਈਐੱਸਆਈ ਮਾਰਕੇ ਵਾਲੇ ਹੈਲਮਟ ਦੀ ਵਰਤੋਂ ਨਾ ਕਰਨ ਵਾਲਿਆਂ ਨੂੰ ਆਈਐੱਸਆਈ ਮਾਰਕੇ ਵਾਲੇ ਹੈਲਮਟ ਦਿੱਤੇ। ਇਸ ਦੇ ਨਾਲ ਹੀ ਇਲੈਕਟ੍ਰਿਕ ਵਹੀਕਲ ਚਲਾਉਣ ਵਾਲਿਆਂ ਨੂੰ ਵੀ ਹੈਲਮਟ ਦਿੱਤੇ। ਚੰਡੀਗੜ੍ਹ ਟਰੈਫਿਕ ਪੁਲੀਸ ਨੇ ਸ਼ਹਿਰ ਵਿੱਚ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੈਫਿਕ ਪੁਲੀਸ ਦੀ ਇੰਸਪੈਕਟਰ ਪਰਵੇਸ਼ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਬਾਰੇ ਪ੍ਰੇਰਿਤ ਕੀਤਾ।
ਕੈਬਨਿਟ ਮੰਤਰੀ ਗੋਇਲ ਨੂੰ ਰੱਖੜੀ ਬੰਨ੍ਹਣ ਪੁੱਜੀਆਂ ਸੈਂਕੜੇ ਔਰਤਾਂ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ):
ਅੰਬਾਲਾ ਸ਼ਹਿਰ ਤੋਂ ਵਿਧਾਇਕ ਅਤੇ ਟਰਾਂਸਪੋਰਟ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਸੀਮ ਗੋਇਲ ਦੇ ਗੁੱਟ ’ਤੇ ਰੱਖੜੀਆਂ ਸਜਾਉਣ ਲਈ ਸੈਂਕੜਿਆਂ ਦੀ ਗਿਣਤੀ ਵਿਚ ਮਹਿਲਾਵਾਂ ਦੂਰ-ਦੂਰ ਤੋਂ ਉਨ੍ਹਾਂ ਦੀ ਕੋਠੀ ’ਤੇ ਪਹੁੰਚੀਆਂ ਅਤੇ ਆਪਣਾ ਆਸ਼ੀਰਵਾਦ ਦਿੱਤਾ। ਕੈਬਨਿਟ ਮੰਤਰੀ ਗੋਇਲ ਦੇ ਘਰ ਅਜਿਹਾ ਮੇਲਾ ਰੱਖੜੀ ਵਾਲੇ ਦਿਨ ਹਰ ਸਾਲ ਲਗਦਾ ਹੈ ਜਦੋਂ ਦੂਰ-ਦੂਰ ਤੋਂ ਮਹਿਲਾਵਾਂ ਬੱਚਿਆਂ ਸਮੇਤ ਉਨ੍ਹਾਂ ਦੇ ਰੱਖੜੀ ਬੰਨ੍ਹਣ ਆਉਂਦੀਆਂ ਹਨ। ਇਸੇ ਤਰ੍ਹਾਂ ਦਾ ਮੇਲਾ ਸਾਬਕਾ ਵਿਧਾਇਕ ਵਿਨੋਦ ਸ਼ਰਮਾ ਦੇ ਘਰ ਵੀ ਲਗਦਾ ਰਿਹਾ ਹੈ। ਮੰਤਰੀ ਨੇ ਸਾਰੀਆਂ ਭੈਣਾਂ ਨੂੰ ਤਿਉਹਾਰ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਨ ਕਿ ਹਜਾਰਾਂ ਭੈਣਾਂ ਨੇ ਰੱਖੜੀ ਰਾਹੀਂ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਹੈ।
ਜੇਲ੍ਹ ਵਿੱਚ ਬੰਦ ਭਰਾਵਾਂ ਦੇ ਗੁੱਟਾਂ ’ਤੇ ਰੱਖੜੀਆਂ ਸਜਾਉਣ ਪੁੱਜੀਆਂ ਭੈਣਾਂ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ):
ਅੰਬਾਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀਆਂ ਸਜਾਉਣ ਲਈ ਉਨ੍ਹਾਂ ਦੀਆਂ ਭੈਣਾਂ ਅੱਜ ਦੂਰ-ਦੂਰ ਤੋਂ ਇੱਥੇ ਪਹੁੰਚੀਆਂ। ਇਸ ਦੌਰਾਨ ਕੋਈ ਭਾਵੁਕ ਨਜ਼ਰ ਆ ਰਿਹਾ ਸੀ ਅਤੇ ਕਿਸੇ ਦੇ ਚਿਹਰੇ ’ਤੇ ਮੁਸਕਰਾਹਟ ਨਜ਼ਰ ਆ ਰਹੀ ਸੀ। ਜੇਲ੍ਹ ਪ੍ਰਸ਼ਾਸਨ ਨੇ ਖ਼ੁਦ ਸਾਰਿਆਂ ਲਈ ਪੂਰੇ ਪ੍ਰਬੰਧ ਕੀਤੇ ਸਨ। ਰੱਖੜੀਆਂ ਬੰਨ੍ਹਣ ਆਈਆਂ ਭੈਣਾਂ ਨੂੰ ਇਕ-ਇਕ ਕਰਕੇ ਜੇਲ੍ਹ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਭੈਣਾਂ ਇਸ ਮੌਕੇ ਕਾਫੀ ਖ਼ੁਸ਼ ਨਜ਼ਰ ਆ ਰਹੀਆਂ ਸਨ। ਜੇਲ੍ਹ ਸੁਪਰਡੈਂਟ ਦੇ ਸਹਾਇਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੁੱਲ 457 ਭੈਣਾਂ ਆਪਣੇ ਭਰਾਵਾਂ ਦੇ ਰੱਖੜੀਆਂ ਬੰਨ੍ਹਣ ਲਈ ਪਹੁੰਚੀਆਂ ਅਤੇ ਉਨ੍ਹਾਂ ਵਾਸਤੇ ਸਾਰੇ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਜੇਲ੍ਹ ਵਿੱਚੋਂ ਹੀ ਉਨ੍ਹਾਂ ਨੂੰ ਰੱਖੜੀਆਂ ਅਤੇ ਮਠਿਆਈਆਂ ਦਿੱਤੀਆਂ ਗਈਆਂ।