ਪੱਤਰ ਪ੍ਰੇਰਕ
ਤਲਵਾੜਾ, 19 ਅਗਸਤ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ), ਜ਼ਿਲ੍ਹਾ ਹੁਸ਼ਿਆਰਪੁਰ ਨੇ ਸੂਬੇ ’ਚ ਵਧਦੀ ਨਸ਼ਾਖੋਰੀ ਅਤੇ ਕਤਲੋਗਾਰਤ ਦੀਆਂ ਘਟਨਾਵਾਂ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਪ੍ਰਿੰਸੀਪਲ ਪਿਆਰਾ ਸਿੰਘ, ਗਿਆਨ ਸਿੰਘ ਗੁਪਤਾ, ਸੱਤਪਾਲ ਲੱਠ, ਦਵਿੰਦਰ ਕੱਕੋਂ ਤੇ ਸੁਖਦੇਵ ਢਿੱਲੋਂ ਆਦਿ ਨੇ ਸਾਂਝਾ ਬਿਆਨ ਜਾਰੀ ਕਰ ਕੇ ਦੱਸਿਆ ਕਿ ਬਿਹਤਰ ਸਿੱਖਿਆ ਅਤੇ ਮਿਆਰੀ ਸਿਹਤ ਪ੍ਰਬੰਧ ਦੇਣ ਦੇ ਵਾਅਦੇ ਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਨਾਲ ਸੱਤਾ ’ਚ ਆਈ ‘ਆਪ’ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਪੰਜਾਬ ਵਾਸੀਆਂ ਨਾਲ ਚੋਣਾਂ ਵੇਲ਼ੇ ਕੀਤਾ ਇੱਕ ਵੀ ਵਾਅਦਾ ਭਗਵੰਤ ਮਾਨ ਸਰਕਾਰ ਪੂਰਾ ਨਹੀਂ ਕਰ ਸਕੀ। ਮਜ਼ਦੂਰਾਂ ਅਤੇ ਕਿਸਾਨੀ ਮਸਲੇ ਜਿਉਂ ਦੇ ਤਿਉਂ ਮੂੰਹ ਅੱਡੀ ਖੜ੍ਹੇ ਹਨ, ਬੇਰੁਜ਼ਗਾਰੀ ਨਾਲ ਝੰਭਿਆ ਨੌਜਵਾਨ ਵਰਗ ਜਾਂ ਤਾਂ ਬਾਹਰਲੇ ਮੁਲਕਾਂ ਵੱਲ ਵਹੀਰਾਂ ਘੱਤ ਰਿਹਾ ਹੈ ਜਾਂ ਫਿਰ ਨਸ਼ਿਆਂ ਦੇ ਮੂੰਹ ’ਚ ਪੈ ਰਿਹਾ ਹੈ, ਭ੍ਰਿਸ਼ਟਾਚਾਰ ਦਾ ਹਰ ਥਾਈਂ ਬੋਲਬਾਲਾ ਹੈ, ਮੁਲਾਜ਼ਮਾਂ ਵਿਹੂਣੇ ਸਰਕਾਰੀ ਦਫ਼ਤਰ ਲੋਕਾਂ ਦੀ ਖੁਆਰੀ ਦਾ ਸਬੱਬ ਬਣੇ ਹੋਏ ਹਨ। ਸੂਬੇ ’ਚ ਅਮਨ ਸ਼ਾਂਤੀ ਭੰਗ ਹੈ ਅਤੇ ਗੁੰਡਾ ਅਨਸਰਾਂ ਦਾ ਬੋਲਬਾਲਾ ਹੈ। ‘ਆਪ’ ਸਰਕਾਰ ਦੇ ਢਾਈ ਸਾਲਾ ਕਾਰਜਕਾਲ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੈ।