ਪੱਤਰ ਪ੍ਰੇਰਕ
ਕਾਹਨੂੰਵਾਨ, 19 ਅਗਸਤ
ਦੋ ਦਿਨਾਂ ਤੋਂ ਸਥਾਨਕ ਕਸਬੇ ਦੀ ਬਿਜਲੀ ਸਪਲਾਈ ਠੱਪ ਹੋਣ ਕਾਰਨ ਕਾਹਨੂੰਵਾਨ ਵਾਸੀ ਪ੍ਰੇਸ਼ਾਨੀਆਂ ਵਿੱਚ ਘਿਰ ਗਏ ਹਨ।
ਇਸ ਸਬੰਧੀ ਕਸਬਾ ਵਾਸੀਆਂ ਨੇ ਦੱਸਿਆ ਕਿ ਬਿਜਲੀ ਸਪਲਾਈ ਬੰਦ ਹੋਣ ਕਾਰਨ ਉਨ੍ਹਾਂ ਨੂੰ ਅੱਤ ਦੀ ਗਰਮੀ ਵਿੱਚ ਦੋ ਰਾਤਾਂ ਜਾਗ ਕੇ ਕੱਢਣੀਆਂ ਪਈਆਂ। ਲਗਾਤਾਰ ਲੰਮਾ ਸਮਾਂ ਬਿਜਲੀ ਕੱਟ ਲੱਗਣ ਕਾਰਨ ਘਰਾਂ ਵਿੱਚ ਪਾਣੀ ਵੀ ਖ਼ਤਮ ਹੋ ਗਿਆ ਹੈ। ਬੀਤੇ ਦਿਨ ਕੁੱਝ ਸਮਾਂ ਬਿਜਲੀ ਸਪਲਾਈ ਆਈ ਸੀ ਪਰ ਸ਼ਾਮ 7 ਵਜੇ ਤੋਂ ਫਿਰ ਬੰਦ ਹੋਣ ਕਾਰਨ ਅੱਜ ਦੁਪਹਿਰ 1 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੀ। ਇਸ ਕਾਰਨ ਕਾਹਨੂੰਵਾਨ ਵਾਸੀਆਂ ਵਿੱਚ ਹਾਹਾਕਾਰ ਮਚੀ ਹੋਈ ਹੈ। ਜਦੋਂ ਇਸ ਸਬੰਧੀ ਕਾਹਨੂੰਵਾਨ ਸਬ ਡਿਵੀਜ਼ਨ ਦੇ ਐੱਸਡੀਓ ਤੀਰਥ ਰਾਮ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਓਵਰਲੋਡ ਹੋਣ ਕਾਰਨ ਸਬ ਡਿਵੀਜ਼ਨ ਦਾ ਇੱਕ ਵੱਡਾ ਟਰਾਂਸਫ਼ਾਰਮਰ ਨੁਕਸਾਨਿਆ ਗਿਆ ਹੈ ਜਿਸ ਦੀ ਮੁਰੰਮਤ ਚੱਲ ਰਹੀ ਹੈ, ਜਲਦੀ ਤੋਂ ਜਲਦੀ ਇਸ ਟਰਾਂਸਫ਼ਾਰਮਰ ਨੂੰ ਠੀਕ ਕਰ ਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।