ਜਸਬੀਰ ਸ਼ੇਤਰਾ
ਜਗਰਾਉਂ, 19 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਨੇ ਅੱਜ 18 ਬਾਣੀਆਂ ਕੰਠ ਵਾਲੇ ਬੱਚੇ ਨੂੰ ਸਨਮਾਨਿਤ ਕੀਤਾ। ਪਰਵਾਸੀ ਪੰਜਾਬੀਆਂ ਤੇ ਦਾਨੀ ਸੱਜਣਾਂ ਨਾਲ ਮਿਲ ਕੇ ਇਸ ਬੱਚੇ ਰਾਜਵੀਰ ਸਿੰਘ ਨੂੰ 51 ਹਜ਼ਾਰ ਰੁਪਏ ਦੀ ਮਾਲੀ ਮਦਦ ਵੀ ਦਿੱਤੀ ਗਈ। ਭਾਈ ਗਰੇਵਾਲ ਨੇ ਕਿਹਾ ਕਿ ਅਜੋਕੀ ਪੀੜ੍ਹੀ ਸੋਸ਼ਲ ਮੀਡੀਆ ਦੇ ਮਾਰੂ ਪ੍ਰਭਾਵ ਹੇਠ ਆਉਣ ਕਰਕੇ ਗਲਤ ਆਦਤਾਂ ਦਾ ਸ਼ਿਕਾਰ ਹੈ। ਅਜਿਹੇ ਸਮੇਂ ’ਚ ਗੁਰਬਾਣੀ ਨਾਲ ਜੁੜਨਾ ਤੇ 18 ਬਾਣੀਆਂ ਕੰਠ ਹੋਣ ਦੀ ਖ਼ਬਰ ਸਿੱਖ ਕੌਮ ਲਈ ਚੰਗੇ ਭਵਿੱਖ ਦਾ ਸੰਕੇਤ ਹੈ। ਸ਼੍ਰੋਮਣੀ ਕਮੇਟੀ ਅਤੇ ਇਲਾਕੇ ਦੀ ਸੰਗਤ ਨੇ ਇਸ ਸਮਾਗਮ ’ਚ ਧਾਰਮਿਕ ਖੇਤਰ ’ਚ ਨਾਂ ਕਮਾਉਣ ਵਾਲੇ ਹੋਰਨਾਂ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ। ਭਾਈ ਗਰੇਵਾਲ ਅਤੇ ਬਾਬਾ ਕੁਲਵੰਤ ਸਿੰਘ ਮੈਹਦੇਆਣਾ ਸਾਹਿਬ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਦੇ ਮੋਹਤਵਰਾਂ, ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਸਮੇਤ ਬੱਚਿਆਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਪ੍ਰੀਖਿਆ ’ਚ ਪਾਸ ਹੋਏ ਬੱਚਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਭਾਈ ਗਰੇਵਾਲ ਨੇ ਕਿਹਾ ਕਿ ਜਿਹੜੇ ਵੀ ਬੱਚੇ ਧਰਮ ਖੇਤਰ ਅੰਦਰ ਇਨਾਮ ਪ੍ਰਾਪਤ ਕਰਨਗੇ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਵਲੋਂ ਸਨਮਾਨ ਕੀਤਾ ਜਾਵੇਗਾ। ਰਾਜਵੀਰ ਸਿੰਘ ਦੇ ਅਧਿਆਪਕ ਜਸਬੀਰ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ 11 ਹਜ਼ਾਰ ਦੀ ਮਦਦ ਸਮੇਤ ਐਨਆਰਆਈ ਅਤੇ ਦਾਨੀ ਸੱਜਣਾਂ ਵਲੋਂ 51 ਹਜ਼ਾਰ ਦੀ ਰਾਸ਼ੀ ਮਦਦ ਦੇ ਤੌਰ ’ਤੇ ਭੇਟ ਕੀਤੀ ਗਈ।