ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਗਸਤ
ਚੰਡੀਗੜ੍ਹ ਵਿੱਚ ਇੱਕ ਵਿਅਕਤੀ ਨੇ ਆਪਣੇ ਮਕਾਨ ਦੀ 200 ਕਰੋੜ ਰੁਪਏ ਕੀਮਤ ਮੰਗ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਖ਼ਬਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਸ਼ਹਿਰ ਦਾ ਸਭ ਤੋਂ ਮਹਿੰਗਾ ਮਕਾਨ ਮੰਨਿਆ ਜਾ ਰਿਹਾ ਹੈ। 10 ਕਨਾਲ ਦਾ ਇਹ ਮਕਾਨ ਸੈਕਟਰ-5 ਵਿੱਚ ਸਥਿਤ ਹੈ।
ਇਸੇ ਤਰ੍ਹਾਂ ਸੈਕਟਰ-5 ਸਥਿਤ ਇੱਕ ਹੋਰ ਵਿਅਕਤੀ ਨੇ ਆਪਣੇ ਅੱਠ ਕਨਾਲ ਦੇ ਘਰ ਲਈ 185 ਕਰੋੜ ਰੁਪਏ ਮੰਗੇ ਹਨ। ਹਾਲਾਂਕਿ ਇਹ ਕੀਮਤ ਥੋੜ੍ਹੀ ਘੱਟ-ਵੱਧ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਰੀਅਲ ਅਸਟੇਟ ਮਾਹਿਰਾਂ ਅਨੁਸਾਰ ਇਸ ਮਕਾਨ ਦੀ ਬਾਜ਼ਾਰੀ ਕੀਮਤ ਲਗਪਗ 125 ਕਰੋੜ ਰੁਪਏ ਹੈ।
ਸ਼ਹਿਰ ਵਿੱਚ ਜਾਇਦਾਦਾਂ ਦੀ ਕੀਮਤ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਕ ਪ੍ਰਾਪਰਟੀ ਡੀਲਰ ਨੇ ਦੱਸਿਆ ਕਿ ਸ਼ਹਿਰ ਦੇ ਉੱਤਰੀ ਖੇਤਰਾਂ ਵਿੱਚ ਮਕਾਨਾਂ ਦੀ ਮੰਗ ਕਾਫੀ ਵਧ ਰਹੀ ਹੈ, ਜਿਸ ਕਾਰਨ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਸੂਤਰਾਂ ਅਨੁਸਾਰ ਇੱਕ ਕਾਰੋਬਾਰੀ ਨੇ ਹਾਲ ਹੀ ਵਿੱਚ ਸੈਕਟਰ-9 ਵਿੱਚ ਛੇ ਕਨਾਲ ਦੀ ਕੋਠੀ 98 ਕਰੋੜ ਰੁਪਏ ਵਿੱਚ ਖਰੀਦੀ ਹੈ। ਇਸੇ ਤਰ੍ਹਾਂ ਸੈਕਟਰ-9 ਵਿੱਚ ਚਾਰ ਕਨਾਲ ਦੇ ਘਰ ਦੀ ਕੀਮਤ 60 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੱਕ ਪ੍ਰਾਪਰਟੀ ਸਲਾਹਕਾਰ ਨੇ ਦੱਸਿਆ ਕਿ ਸੈਕਟਰ-8, 9 ਅਤੇ 11 ਵਿੱਚ ਇੱਕ ਕਨਾਲ ਮਕਾਨ ਦੀ ਕੀਮਤ 15-16 ਕਰੋੜ ਰੁਪਏ ਹੈ ਪਰ ਇਨ੍ਹਾਂ ਸੈਕਟਰਾਂ ਵਿੱਚ ਇੰਨੀ ਜਗ੍ਹਾ ਵਿੱਚ ਬਹੁਤੇ ਮਕਾਨ ਹੈ ਹੀ ਨਹੀਂ।
ਸੈਕਟਰ-10 ਵਿੱਚ ਇੱਕ ਕਨਾਲ ਮਕਾਨ ਦੇ ਮਾਲਕ ਨੇ 16.50 ਕਰੋੜ ਦੀ ਮੰਗ ਕੀਤੀ ਸੀ। ਉੱਤਰੀ ਸੈਕਟਰਾਂ ਵਿੱਚ ਔਸਤਨ 10 ਮਰਲੇ ਦੇ ਮਕਾਨ ਦੀ ਕੀਮਤ ਲਗਪਗ ਸੱਤ ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪ੍ਰਾਪਰਟੀ ਮਾਹਿਰਾਂ ਅਨੁਸਾਰ ਗੁਆਂਢੀ ਸ਼ਹਿਰ ਪੰਚਕੂਲੇ ਵਿੱਚ ਵੀ ਜਾਇਦਾਦਾਂ ਦੀਆਂ ਕੀਮਤਾਂ ਇਸੇ ਤਰ੍ਹਾਂ ਅਸਮਾਨ ਛੂਹ ਰਹੀਆਂ ਹਨ ਪਰ ਮੁਹਾਲੀ ਵਿੱਚ ਕੀਮਤਾਂ ਸਥਿਰ ਹਨ। ਇੱਕ ਹੋਰ ਪ੍ਰਾਪਰਟੀ ਡੀਲਰ ਨੇ ਕਿਹਾ ਕਿ ਉੱਤਰੀ ਸੈਕਟਰਾਂ ਵਿੱਚ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਸ਼ਹਿਰ ਦੇ ਹੋਰ ਖੇਤਰਾਂ ਵਿੱਚ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟ ਜਗ੍ਹਾ ਲਈ ਵੀ ਵੱਧ ਕੀਮਤ ਮੰਗੀ ਜਾਣ ਲੱਗੀ ਹੈ ਜਿਸ ਕਰਕੇ ਸ਼ਹਿਰ ਵਿੱਚ ਜਾਇਦਾਦ ਮੱਧ ਵਰਗ ਹੱਥੋਂ ਬਾਹਰ ਹੁੰਦੀ ਜਾ ਰਹੀ ਹੈ।
ਜਾਇਦਾਦ ਖਰੀਦਣ ’ਚ ਦਿਲਚਸਪੀ ਰੱਖਣ ਵਾਲੇ ਬਹੁਤੇ ਮੁੰਬਈ ਤੇ ਦਿੱਲੀ ਦੇ ਕਾਰੋਬਾਰੀ
ਪ੍ਰਾਪਰਟੀ ਮਾਹਿਰਾਂ ਅਨੁਸਾਰ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਅਤੇ ਸੋਨੇ ਦੀ ਜਗ੍ਹਾ ਜਾਇਦਾਦਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਰਕੇ ਇਸ ਦੀਆਂ ਕੀਮਤਾਂ ਵਧ ਰਹੀਆਂ ਹਨ। ਉੱਤਰੀ ਇਲਾਕਿਆਂ ਵਿੱਚ ਜਾਇਦਾਦ ਖਰੀਦਣ ’ਚ ਦਿਲਚਸਪੀ ਰੱਖਣ ਵਾਲੇ ਬਹੁਤੇ ਨਿਵੇਸ਼ਕ ਮੁੱਖ ਤੌਰ ’ਤੇ ਮੁੰਬਈ ਅਤੇ ਦਿੱਲੀ ਦੇ ਕਾਰੋਬਾਰੀ ਜਾਂ ਪਰਵਾਸੀ ਭਾਰਤੀ ਹਨ। ਇਸ ਤੋਂ ਇਲਾਵਾ ਜਿਨ੍ਹਾਂ ਦੀ ਜ਼ਮੀਨ ਸਰਕਾਰ ਵੱਲੋਂ ਐਕੁਆਇਰ ਕੀਤੀ ਗਈ ਹੈ, ਉਹ ਵੀ ਇਨ੍ਹਾਂ ਜਾਇਦਾਦਾਂ ਵਿੱਚ ਦਿਲਚਸਪੀ ਦਿਖਾ ਰਹੇ ਹਨ।