ਸ਼ਿਕਾਗੋ, 20 ਅਗਸਤ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਡੈਮੋਕਰੈਟਿਕ ਪਾਰਟੀ ਦੀ ਕਮਾਨ ਅਧਿਕਾਰਤ ਤੌਰ ’ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੌਂਪਦਿਆਂ ਕਿਹਾ ਕਿ ਉਹ ਇੱਕ ‘ਇਤਿਹਾਸਕ ਰਾਸ਼ਟਰਪਤੀ’ ਸਾਬਤ ਹੋਵੇਗੀ। ਉਨ੍ਹਾਂ ਨੇ ਅਮਰੀਕੀ ਵੋਟਰਾਂ ਨੂੰ ਜਮਹੂਰੀਅਤ ਬਚਾਉਣ ਲਈ ਕਮਲਾ ਹੈਰਿਸ ਦੇ ਸਮਰਥਨ ਦੀ ਅਪੀਲ ਵੀ ਕੀਤੀ ਅਤੇ ਡੋਨਲਡ ਟਰੰਪ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ਇੱਕ ਅਸਫਲ ਰਾਸ਼ਟਰਪਤੀ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ (ਟਰੰਪ) ਨੂੰ 2024 ’ਚ ਔਰਤਾਂ ਦੀ ਤਾਕਤ ਦਾ ਪਤਾ ਲੱਗੇਗਾ। ਬਾਇਡਨ (81) ਨੇ ਇਹ ਟਿੱਪਣੀਆਂ ਸ਼ਿਕਾਗੋ ਵਿੱਚ ਸੋਮਵਾਰ ਰਾਤ ਨੂੰ ਚਾਰ ਰੋਜ਼ਾ ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ’ਚ ਕੀਤੀਆਂ। ਕਮਲਾ ਹੈਰਿਸ (59) ਵੀਰਵਾਰ ਨੂੰ ਅਧਿਕਾਰਤ ਤੌਰ ’ਤੇ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਸਵੀਕਾਰ ਕਰੇਗੀ। ਇਸ ਸਾਲ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਉਨ੍ਹਾਂ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ (78) ਨਾਲ ਹੋਵੇਗਾ।
ਬਾਇਡਨ ਨੇ ਕਨਵੈਨਸ਼ਨ ਮੌਕੇ ਹਾਜ਼ਰ ਆਗੂਆਂ ਤੇ ਵਰਕਰਾਂ ਨੂੰ ਪੁੱਛਿਆ, ‘‘ਕੀ ਤੁਸੀਂ ਕਮਲਾ ਹੈਰਿਸ ਨੂੰ ਦੇਸ਼ ਦੀ ਸਦਰ ਚੁਣਨ ਲਈ ਤਿਆਰ ਹੋ?’’ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਕਮਲਾ ਹੈਰਿਸ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਕਮਲਾ ਹੈਰਿਸ ਇੱਕ ‘ਇਤਿਹਾਸਕ ਰਾਸ਼ਟਰਪਤੀ’ ਸਾਬਤ ਹੋਵੇਗੀ। ਉਨ੍ਹਾਂ ਕਿਹਾ, ‘‘ਉਹ (ਕਮਲਾ ਹੈਰਿਸ) ਆਲਮੀ ਆਗੂਆਂ ਵੱਲੋਂ ਸਨਮਾਨਿਤ ਰਾਸ਼ਟਰਪਤੀ ਹੋਵੇਗੀ ਕਿਉਂਕਿ ਉਸ ਦਾ ਪਹਿਲਾਂ ਹੀ ਕਾਫ਼ੀ ਸਨਮਾਨ ਹੈ। -ਪੀਟੀਆਈ
ਕਮਲਾ ਹੈਰਿਸ ਕੋਲ ਅਮਰੀਕਾ ਨੂੰ ਅੱਗੇ ਲਿਜਾਣ ਦਾ ਹੁਨਰ ਤੇ ਨਜ਼ਰੀਆ: ਹਿਲੇਰੀ
ਸ਼ਿਕਾਗੋ:
ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਸੋਮਵਾਰ ਨੂੰ ਕਿਹਾ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੋਲ ਅਮਰੀਕਾ ਨੂੰ ਅੱਗੇ ਲਿਜਾਣ ਦਾ ਹੁਨਰ, ਤਜਰਬਾ ਅਤੇ ਨਜ਼ਰੀਆ ਮੌਜੂਦ ਹੈ। ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ਦੌਰਾਨ ਹਿਲੇਰੀ ਨੇ ਆਖਿਆ, ‘‘ਕਮਲਾ ਕੋਲ ਹੁਨਰ, ਤਜਰਬਾ ਅਤੇ ਨਜ਼ਰੀਆ ਹੈ। ਮੈਂ ਉਸ (ਕਮਲਾ) ਦੇ ਦਿਲ ਤੇ ਸਮਰਪਣ ਤੋਂ ਵਾਕਿਫ਼ ਹਾਂ। ਅਸੀਂ ਦੋਵਾਂ ਨੇ ਆਪਣਾ ਕਰੀਅਰ ਸ਼ੋਸ਼ਣ ਜਾਂ ਨਜ਼ਰਅੰਦਾਜ਼ੀ ਦਾ ਸ਼ਿਕਾਰ ਬੱਚਿਆਂ ਦੀ ਮਦਦ ਕਰਨ ਵਾਲੀਆਂ ਵਕੀਲਾਂ ਵਜੋਂ ਸ਼ੁਰੂ ਕੀਤਾ ਸੀ। ਅਜਿਹਾ ਕੰਮ ਤੁਹਾਨੂੰ ਬਦਲ ਦਿੰਦਾ ਹੈ।’’ -ਪੀਟੀਆਈ