ਮੈਸਨ (ਅਮਰੀਕਾ), 20 ਅਗਸਤ
ਦੁਨੀਆ ਦੇ ਸਿਖਰਲਾ ਦਰਜਾ ਪੁਰਸ਼ ਖਿਡਾਰੀ ਜਾਨਿਕ ਸਿਨਰ ਅਤੇ ਮਹਿਲਾ ਵਰਗ ਦੀ ਨੰਬਰ ਦੋ ਖਿਡਾਰਨ ਆਰਿਆਨਾ ਸਬਾਲੇਂਕਾ ਨੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਜਿੱਤਾਂ ਦਰਜ ਕਰ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਦੋਵੇਂ ਖਿਡਾਰੀ ਸਿਨਸਿਨਾਟੀ ਓਪਨ ਵਿੱਚ ਪਹਿਲੀ ਵਾਰ ਚੈਂਪੀਅਨ ਬਣੇ ਹਨ।
ਸਿਨਰ ਨੇ ਅਮਰੀਕਾ ਦੇ ਫਰਾਂਸਿਸ ਟਿਆਫੋ ਨੂੰ 7-6 (4) 6-2 ਨਾਲ ਹਰਾਇਆ। ਬੀਤੇ ਸ਼ੁੱਕਰਵਾਰ ਉਹ 23 ਸਾਲ ਦਾ ਹੋਇਆ ਹੈ। ਉਹ ਐਂਡੀ ਮਰੇ ਤੋਂ ਬਾਅਦ ਸਿਨਸਿਨਾਟੀ ਓਪਨ ਖ਼ਿਤਾਬ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ। ਮਰੇ ਨੇ 2008 ਵਿੱਚ 21 ਸਾਲ ਦੀ ਉਮਰ ’ਚ ਇਹ ਖ਼ਿਤਾਬ ਜਿੱਤਿਆ ਸੀ। ਸਿਨਰ ਅਤੇ ਟਿਆਫੋ ਦੋਵੇਂ ਪਹਿਲੀ ਵਾਰ ਸਿਨਸਿਨਾਟੀ ਓਪਨ ਦੇ ਫਾਈਨਲ ਵਿੱਚ ਪਹੁੰਚੇ ਸਨ। ਇਸ ਤੋਂ ਪਹਿਲਾਂ ਦੋਵੇਂ ਵਧ ਤੋਂ ਵੱਧ ਤੀਜੇ ਗੇੜ ’ਚ ਹੀ ਪਹੁੰਚ ਸਕੇ ਸਨ।
ਇਸੇ ਤਰ੍ਹਾਂ ਸਬਾਲੇਂਕਾ ਨੇ ਜੈਸਿਕਾ ਪੇਗੁਲਾ ਨੂੰ 6-3, 7-5 ਨਾਲ ਹਰਾ ਕੇ ਜਨਵਰੀ ਵਿੱਚ ਆਸਟਰੇਲੀਅਨ ਓਪਨ ਤੋਂ ਬਾਅਦ ਆਪਣਾ ਪਹਿਲਾ ਖ਼ਿਤਾਬ ਜਿੱਤਿਆ। ਖ਼ਿਤਾਬ ਜਿੱਤਣ ਮਗਰੋਂ ਸਬਾਲੇਂਕਾ ਨੇ ਕਿਹਾ, ‘‘ਮੈਂ ਚੰਗਾ ਖੇਡ ਰਹੀ ਹਾਂ। ਮੈਂ ਯਕੀਨੀ ਤੌਰ ’ਤੇ ਆਪਣੇ ਸਰਬੋਤਮ ਪ੍ਰਦਰਸ਼ਨ ਤਕ ਪਹੁੰਚ ਰਹੀ ਹਾਂ। ਉਮੀਦ ਹੈ ਕਿ ਯੂਐੱਸ ਓਪਨ ਵਿੱਚ ਮੈਂ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰ ਸਕਾਂਗੀ।’’ -ਏਪੀ