ਰਵਿੰਦਰ ਰਵੀ
ਬਰਨਾਲਾ, 20 ਅਗਸਤ
ਐੱਸਡੀ ਕਾਲਜ ਵਿਦਿਅਕ ਸੰਸਥਾਵਾਂ ਵਿੱਚ ‘ਕੈਂਸਰ ਸੈਂਸੇਟਾਈਜ਼ੇਸ਼ਨ’ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਗਲੋਬਲ ਅਬੈਂਸਡਰ ਵਰਲਡ ਕੈਂਸਰ ਕੇਅਰ ਸੁਸਾਇਟੀ ਡਾ. ਕੁਲਵੰਤ ਸਿੰਘ ਧਾਲੀਵਾਲ ਨੇ ਕੈਂਸਰ ਦੀ ਬਿਮਾਰੀ ਦੇ ਕਾਰਨਾਂ, ਰੋਕਥਾਮ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਲਈ ਦੁੱਖ ਦੀ ਗੱਲ ਹੈ ਕਿ ਗੁਰੂ ਪੀਰਾਂ ਦੀ ਧਰਤੀ ਕੈਂਸਰ, ਨਸ਼ੇ, ਦਾਜ, ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਨਾਲ ਘਿਰੀ ਹੋਈ ਹੈ। ਔਰਤਾਂ ਨੂੰ ਛਾਤੀ ਦੇ ਕੈਂਸਰ ਸਬੰਧੀ ਉਨ੍ਹਾਂ ਕਿਹਾ ਕਿ ਔਰਤਾਂ ਨੇ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣਾ ਤੱਕ ਬੰਦ ਕਰ ਦਿੱਤਾ ਹੈ। ਹਰ ਔਰਤ ਨੂੰ ਸਾਲ ਵਿੱਚ ਇੱਕ ਵਾਰ ਜਾਂਚ ਕਰਵਾਉਣੀ ਚਾਹੀਦੀ ਹੈ। ਬਿਮਾਰੀਆਂ ਤੋਂ ਬਚਣ ਲਈ ਆਪਣੀ ਰਸੋਈ ਤੋਂ ਸ਼ੁਰੂਆਤ ਕਰਨੀ ਪਵੇਗੀ। ਸਾਨੂੰ ਜ਼ਿੰਦਗੀ ਵਿੱਚ ਸਾਦੇ ਖਾਣੇ ਖਾਣ ਦੀ ਲੋੜ ਹੈ। ਇਸ ਦੇ ਨਾਲ ਹੀ ਖੰਡ, ਰਸਾਇਣਕ ਖਾਦਾਂ ਨਾਲ ਉਗਾਈਆਂ ਸਬਜ਼ੀਆਂ ਅਤੇ ਤਲੇ ਹੋਏ ਖਾਣੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਪੰਜਾਬ ਵਿੱਚ ਲੰਬੇ ਸਮੇਂ ਤੋਂ ਕੈਂਸਰ ਦੀ ਰੋਕਥਾਮ ਅਤੇ ਜਾਗਰੂਕਤਾ ਲਈ ਕੰਮ ਕਰ ਰਹੀ ਹੈ।
ਸੰਸਥਾ ਦੇ ਡਾਇਰੈਕਟਰ ਹਰਦਿਆਲ ਸਿੰਘ ਅੱਤਰੀ ਨੇ ਡਾ. ਧਾਲੀਵਾਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਐੱਸਡੀ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਨਰੇਸ਼ ਸਿੰਗਲਾ, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਸਰੋਜ ਸ਼ਰਮਾ, ਸੀਮਾ ਬਾਂਸਲ, ਡਾ. ਹਰਪ੍ਰੀਤ ਕੌਰ ਪ੍ਰਿੰ. ਡਾ. ਰਮਾ ਸ਼ਰਮਾ, ਪ੍ਰਿੰ. ਡਾ. ਵਿਜੈ ਕੁਮਾਰ ਬਾਂਸਲ, ਪ੍ਰਿੰ. ਡਾ. ਤਪਨ ਕੁਮਾਰ ਸਾਹੂ, ਪ੍ਰਿੰ. ਕਸ਼ਮੀਰ ਸਿੰਘ ਪ੍ਰੋ. ਗੌਰਵ ਸਿੰਗਲਾ ਪ੍ਰੋ. ਬਲਵਿੰਦਰ ਸ਼ਰਮਾ ਆਦਿ ਹਾਜ਼ਰ ਸਨ। ਮੰਚ ਸੰਚਾਲਨ ਡਾ. ਸੀਮਾ ਸ਼ਰਮਾ ਨੇ ਕੀਤਾ।