ਨਵੀਂ ਦਿੱਲੀ, 20 ਅਗਸਤ
ਕਾਂਗਰਸ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ (ਮਰੂਹਮ) ਰਾਜੀਵ ਗਾਂਧੀ ਨੂੰ 80ਵੇਂ ਜਨਮ ਦਿਨ ਮੌਕੇ ਸ਼ਰਧਾਂਜਲੀਆਂ ਭੇਟ ਕਰਦਿਆਂ ਦੇਸ਼ ਦੇ ਵਿਕਾਸ ’ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਦੌਰਾਨ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਆਪਣੇ ਪਿਤਾ ਰਾਜੀਵ ਗਾਂਧੀ ਨੂੰ ਇੱਥੇ ਵੀਰ ਭੂਮੀ ਯਾਦਗਾਰ ਵਿਖੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੀਆਂ ਸਿੱਖਿਆਵਾਂ ਉਨ੍ਹਾਂ ਲਈ ਪ੍ਰੇਰਨਾ ਹਨ ਅਤੇ ਉਹ ਆਪਣੇ ਪਿਤਾ ਵੱਲੋਂ ਦੇਸ਼ ਲਈ ਦੇਖੇ ਸੁਫਨਿਆਂ ਨੂੰ ਸਾਕਾਰ ਕਰਨਗੇ। ਰਾਹੁਲ ਨੇ ਐਕਸ ’ਤੇ ਪੋਸਟ ’ਚ ਲਿਖਿਆ, ‘‘ਇੱਕ ਹਮਦਰਦ ਸ਼ਖ਼ਸੀਅਤ, ਏਕਤਾ ਤੇ ਚੰਗਿਆਈ ਦੇ ਪ੍ਰਤੀਕ… ਪਾਪਾ ਤੁਹਾਡੀ ਸਿੱਖਿਆ ਹਮੇਸ਼ਾ ਮੇਰੀ ਪ੍ਰੇਰਨਾ ਹੈ ਅਤੇ ਤੁਹਾਡੇ ਵੱਲੋਂ ਭਾਰਤ ਲਈ ਦੇਖੇ ਸੁਫਨੇ, ਮੇਰੇ ਆਪਣੇ ਹਨ। ਤੁਹਾਡੀਆਂ ਯਾਦਾਂ ਨੂੰ ਨਾਲ ਲੈ ਕੇ ਇਨ੍ਹਾਂ ਨੂੰ ਪੂਰਾ ਕਰਾਂਗਾ।’’ ਇਸ ਦੌਰਾਨ ਰਾਜੀਵ ਗਾਂਧੀ ਦੇ ਬੇਟੀ ਪ੍ਰਿਅੰਕਾ ਗਾਂਧੀ ਤੇ ਜਵਾਈ ਰੌਬਰਟ ਵਾਡਰਾ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਕਰੋੜਾਂ ਭਾਰਤੀਆਂ ’ਚ ਆਸ ਦੀ ਕਿਰਨ ਜਗਾਈ ਅਤੇ ਆਪਣੇ ਬੇਮਿਸਾਲ ਯੋਗਦਾਨ ਨਾਲ ਭਾਰਤ ਨੂੰ 21ਵੀਂ ਸਦੀ ਵਿੱਚ ਲਿਆਂਦਾ। ਇਸ ਤੋਂ ਬਾਅਦ ਸੰਵਿਧਾਨ ਸਦਨ ਦੇ ਕੇਂਦਰੀ ਹਾਲ ’ਚ ਮਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ਤੇ ਹੋਰਨਾਂ ਨੇਤਾਵਾਂ ਨੇ ਰਾਜੀਵ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਦੱਸਣਯੋਗ ਹੈ ਕਿ ਰਾਜੀਵ ਗਾਂਧੀ 1984 ਤੋਂ 1989 ਤੱਕ ਪ੍ਰਧਾਨ ਮੰਤਰੀ ਰਹੇ। ਸਾਲ 1991 ’ਚ ਲਿੱਟੇ (ਐੱਲਟੀਟੀਈ) ਦੇ ਫਿਦਾਈਨ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਇਸੇ ਦੌਰਾਨ ਐਕਸ ’ਤੇ ਸੁਨੇਹੇ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਕਾਂਗਰਸ ਪ੍ਰਧਾਨ ਖੜਗੇ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਅੱਜ ਪੂਰਾ ਦੇਸ਼ ਸਦਭਾਵਨਾ ਦਿਵਸ ਮਨਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਭਾਰਤ ਦੇ ਮਹਾਨ ਪੁੱਤਰ ਸਨ। ਉਨ੍ਹਾਂ ਨੇ ਕਰੋੜਾਂ ਭਾਰਤੀਆਂ ’ਚ ਆਸ ਦੀ ਕਿਰਨ ਜਗਾਈ ਤੇ ਆਪਣੇ ਬੇਮਿਸਾਲ ਯੋਗਦਾਨ ਨਾਲ ਭਾਰਤ ਨੂੰ 21ਵੀਂ ਸਦੀ ਵਿੱਚ ਪੁਹੰਚਾ ਦਿੱਤਾ। ਅਸੀਂ ਭਾਰਤ ਰਤਨ ਰਾਜੀਵ ਗਾਂਧੀ ਦੇ ਜਨਮ ਦਿਨ ’ਤੇ ਉਨ੍ਹਾਂ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ।’’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਰਾਜੀਵ ਗਾਂਧੀ ਦਾ ਸਿਆਸੀ ਜੀਵਨ ਛੋਟਾ ਪਰ ਬਹੁਤ ਅਹਿਮ ਸੀ। ਕਾਂਗਰਸੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ, ‘‘ਰਾਜੀਵ ਗਾਂਧੀ ਦੂਰਅੰਦੇਸ਼ੀ ਵਿਅਕਤੀ ਸਨ।’’ -ਪੀਟੀਆਈ