ਸੰਤੋਖ ਗਿੱਲ
ਗੁਰੂਸਰ ਸੁਧਾਰ, 20 ਅਗਸਤ
ਥਾਣਾ ਜੋਧਾਂ ਅਧੀਨ ਪਿੰਡ ਸਹੌਲੀ ਵਾਸੀ ਮਾਪਿਆਂ ਦਾ ਇਕਲੌਤਾ ਨੌਜਵਾਨ ਪੁੱਤਰ ਮਨਦੀਪ ਸਿੰਘ (32 ਸਾਲ) ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ। ਮਨਦੀਪ ਸਿੰਘ ਮਾਨਸਾ ਦੀ ਅਦਾਲਤ ਵਿੱਚ ਪਤਨੀ ਨਾਲ ਚੱਲ ਰਹੇ ਕੇਸ ਦੀ ਪੇਸ਼ੀ ਭੁਗਤਣ ਲਈ 14 ਅਗਸਤ ਦੀ ਸਵੇਰ ਘਰੋਂ ਗਿਆ ਸੀ ਜੋ ਅੱਜ ਤੱਕ ਵਾਪਸ ਨਹੀਂ ਆਇਆ ਅਤੇ ਉਸ ਸਮੇਂ ਤੋਂ ਹੀ ਉਸ ਦਾ ਫ਼ੋਨ ਵੀ ਬੰਦ ਆ ਰਿਹਾ ਹੈ। ਮਨਦੀਪ ਸਿੰਘ ਦੀ ਮਾਂ ਬਲਜੀਤ ਕੌਰ ਨੇ ਆਪਣੇ ਪੁੱਤਰ ਦੇ ਅਗਵਾ ਹੋਣ ਦਾ ਸ਼ੱਕ ਜ਼ਾਹਿਰ ਕਰਦਿਆਂ ਜੋਧਾਂ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਕੇਸ ਤਾਂ ਕੀ ਦਰਜ ਕਰਨਾ ਸੀ, ਅੱਜ ਹਫ਼ਤੇ ਬਾਅਦ ਰਿਪੋਰਟ ਮਸਾਂ ਦਰਜ ਕੀਤੀ ਹੈ।
ਬਲਜੀਤ ਕੌਰ ਅਨੁਸਾਰ ਉਸ ਦੇ ਪੁੱਤਰ ਦਾ ਵਿਆਹ 2020 ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਮੁਟਿਆਰ ਨਾਲ ਹੋਇਆ ਸੀ ਅਤੇ ਵਿਆਹ ਤੋਂ 10 ਦਿਨ ਬਾਅਦ ਹੀ ਉਹ ਮਨਦੀਪ ਨੂੰ ਛੱਡ ਕੇ ਪੇਕੇ ਘਰ ਚਲੀ ਗਈ ਸੀ।
ਬਲਜੀਤ ਕੌਰ ਨੇ ਕਿਹਾ ਕਿ ਉਸ ਦੀ ਨੂੰਹ ਨੇ ਦਾਜ ਮੰਗਣ, ਸੋਸ਼ਲ ਮੀਡੀਆ ਉਪਰ ਬਦਨਾਮ ਕਰਨ ਸਮੇਤ ਉਪਰੋਥਲੀ ਚਾਰ ਕੇਸ ਮਨਦੀਪ ਸਿੰਘ ਖ਼ਿਲਾਫ਼ ਦਰਜ ਕਰਵਾ ਦਿੱਤੇ ਸਨ। ਬਲਜੀਤ ਕੌਰ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਪੁੱਤਰ ਨੂੰ ਆਏ ਦਿਨ ਧਮਕੀਆਂ ਵੀ ਮਿਲ ਰਹੀਆਂ ਸਨ। ਉਸ ਨੇ ਦੱਸਿਆ ਕਿ ਪਤੀ ਦੀ ਮੌਤ ਬਾਅਦ ਮਨਦੀਪ ਸਿੰਘ ਹੀ ਘਰ ਦੀ ਜ਼ਿੰਮੇਵਾਰੀ ਸੰਭਾਲਦਾ ਸੀ। ਮਨਦੀਪ ਲੱਕੜੀ ਦਾ ਮਿਸਤਰੀ ਸੀ ਅਤੇ ਦਿਹਾੜੀ ਕਰਦਾ ਸੀ ਜਿਸ ਕਾਰਨ ਅਦਾਲਤ ਵੱਲੋਂ ਬੰਨ੍ਹਿਆ ਚਾਰ ਹਜ਼ਾਰ ਰੁਪਏ ਦਾ ਖ਼ਰਚਾ ਵੀ ਦੇਣਾ ਮੁਸ਼ਕਿਲ ਹੋ ਗਿਆ ਸੀ। ਥਾਣਾ ਜੋਧਾਂ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਨੇ ਕਿਹਾ ਕਿ ਪਰਿਵਾਰ ਉਨ੍ਹਾਂ ਨਾਲ ਸੰਪਰਕ ਕਰੇ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।