ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 20 ਅਗਸਤ
ਇੱਥੇ ਅੱਜ ਗੁਰਦੁਆਰਾ ਭਗਤ ਧੰਨਾ ਜੀ ਨੇੜੇ ਟਾਂਗਰੀ ਨਦੀ ਪੁਲ ਕੋਲ ਇਲਾਕੇ ਦੇ ਕਿਸਾਨਾਂ ਦਾ ਇਕੱਠ ਹੋਇਆ। ਇਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਨੇ ਕੀਤੀ। ਇਸ ਇਕੱਠ ਵਿੱਚ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਾਜ਼ਰ ਸਨ। ਜਿਨ੍ਹਾਂ ਕੋਲੋਂ ਉਨ੍ਹਾਂ ਨੇ ‘ਆਪ’ ਦੀ ਸਰਕਾਰ ਹੁੰਦਿਆਂ ਟਾਂਗਰੀ ਨਦੀ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਪੱਕੇ ਹੱਲ ਦੀ ਮੰਗ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਨਰਿੰਦਰ ਸਿੰਘ ਲੇਹਲਾਂ ਨੇ ਕਿਸਾਨਾਂ ਵੱਲੋਂ ਮੰਗ ਕੀਤੀ ਕਿ ਟਾਂਗਰੀ ਨਦੀ ਦੀ ਜ਼ਮੀਨ ਨੂੰ ਐਕੁਆਇਰ ਕਰਕੇ ਇਸ ਨੂੰ 50 ਫੁੱਟ ਚੌੜਾ ਤੇ ਡੂੰਘਾ ਕੀਤਾ ਜਾਵੇ ਤਾਂ ਕਿ ਇਹ ਨਦੀ ਬਰਸਾਤੀ ਪਾਣੀ ਨੂੰ ਖਿੱਚ ਸਕੇ ਅਤੇ ਫਸਲਾਂ ਅਤੇ ਹੋਰ ਆਰਥਿਕ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਹਰਿਆਣਾ ਵਾਲੇ ਪਾਸੇ ਉਥੋਂ ਦੀ ਸਰਕਾਰ ਨੇ ਇਸ ਨਦੀ ਦੇ ਪਾਣੀ ਨੂੰ ਕੰਟਰੋਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਹੋਇਆ ਹੈ, ਇਸੇ ਹੀ ਤਰਜ਼ ਤੇ ਪੰਜਾਬ ਸਰਕਾਰ ਵੀ ਕੰਮ ਕਰਵਾਏ। ਇਸ ਮੌਕੇ ਇਸ ਕੰਮ ਲਈ ਕਮੇਟੀ ਬਣਾਉਣ ਦਾ ਵੀ ਸੁਝਾਅ ਦਿੱਤਾ ਗਿਆ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਤੁਰੰਤ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਕਿਸਾਨਾਂ ਨੂੰ ਵਿਸ਼ਵਾਸ਼ ਦੁਆਇਆ ਕਿ ਟਾਂਗਰੀ ਨਦੀ ਦੀ ਜ਼ਮੀਨ ਐਕੁਆਇਰ ਕਰਕੇ ਇਸ ਦੀਆਂ ਨਿਸ਼ਾਨੀਆਂ ਲਗਾ ਦਿੱਤੀਆਂ ਜਾਣਗੀਆਂ ਅਤੇ ਮੁੜ ਇਸ ਦੀ ਖੁਦਾਈ ਕਰਨ ਦੇ ਯਤਨ ਕੀਤੇ ਜਾਣਗੇ। ਇਸ ਕੰਮ ਲਈ ਸਬੰਧਤ ਵਿਭਾਗ ਦੇ ਮੰਤਰੀ ਅਤੇ ਅਧਿਕਾਰੀ ਵੀਰਵਾਰ ਨੂੰ ਆਉਣਗੇ ਅਤੇ ਮੌਕੇ ਦਾ ਜਾਇਜ਼ਾ ਲੈਣਗੇ। ਇਸ ਮੌਕੇ ਗੁਰਚਰਨ ਸਿੰਘ ਪਰੌੜ, ਭੂਪਿੰਦਰ ਸਿੰਘ ਦੂਧਨਸਾਧਾਂ, ਮਲਕੀਤ ਸਿੰਘ ਜੁਲਾਹਖੇੜੀ ਮੌਜੂਦ ਸਨ।