ਵਿਨੀਪੈੱਗ: (ਮਾਵੀ) ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ 32ਵੇਂ ਕੈਨੇਡਾ ਕਬੱਡੀ ਕੱਪ ਦੀ ਮੇਜ਼ਬਾਨੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ ਸੌਂਪ ਦਿੱਤੀ ਗਈ ਹੈ। ਇੱਥੇ ਮਿਲੇਨੀਅਮ ਗਾਰਡਨ ’ਚ ਹੋਏ ਸਮਾਗਮ ਦੌਰਾਨ ਵੱਖ-ਵੱਖ ਕਬੱਡੀ ਸੰਸਥਾਵਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਸ਼ੋਕਰ ਨੇ ਦੱਸਿਆ ਕਿ ਇਹ ਕਬੱਡੀ ਕੱਪ 16 ਅਗਸਤ 2025 ਨੂੰ ਹੋਵੇਗਾ। ਉਸ ਨੇ ਕਬੱਡੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਕਬੱਡੀ ਦੀ ਬਿਹਤਰੀ ਲਈ ਇੱਕ ਮੰਚ ’ਤੇ ਇਕੱਠੇ ਹੋਣ।
ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਸੀਨੀਅਰ ਆਗੂ ਜੱਸ ਸੋਹਲ ਨੇ ਦੱਸਿਆ ਉਨ੍ਹਾਂ ਦੇ ਕਲੱਬ ਨੂੰ ਦੂਸਰੀ ਵਾਰ ਇਹ ਵੱਡੀ ਜ਼ਿੰਮੇਵਾਰੀ ਮਿਲੀ ਹੈ ਜਿਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਆਗੂ ਰਸ਼ਪਾਲ ਸਿੰਘ ਸ਼ੀਰਾ ਸੰਮੀ ਪੁਰੀਆ ਤੇ ਸ਼ੀਰਾ ਔਲਖ, ਅਮਰੀਕਾ ਤੋਂ ਬਲਜੀਤ ਸੰਧੂ ਤੇ ਸੰਦੀਪ ਜੈਂਟੀ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਤੀਰਥ ਸਿੰਘ ਅਟਵਾਲ, ਪਿੰਕੀ ਢਿੱਲੋਂ, ਦਰਸ਼ਨ ਗਿੱਲ, ਬਲਰਾਜ ਸੰਘਾ, ਲਾਲੀ ਢੇਸੀ, ਮਨਜੀਤ ਬਾਸੀ, ਮੇਜਰ ਬਰਾੜ, ਮੇਜਰ ਸਿੰਘ ਨੱਤ, ਓਂਕਾਰ ਸਿੰਘ ਗਰੇਵਾਲ, ਪ੍ਰੋ. ਮੱਖਣ ਸਿੰਘ ਹਕੀਮਪੁਰ, ਬੌਬ ਦੁਸਾਂਝ, ਨਿੰਦਰ ਚਾਹਲ, ਹਰਪ੍ਰੀਤ ਹੰਜਰਾ ਆਦਿ ਨੇ ਕਬੱਡੀ ਦੀ ਬਿਹਤਰੀ ਲਈ ਉਪਰਾਲੇ ਕਰਨ ਸਬੰਧੀ ਵਿਚਾਰ ਰੱਖੇ।