ਸ਼ਸ਼ੀ ਪਾਲ ਜੈਨ
ਖਰੜ, 21 ਅਗਸਤ
ਜੁਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਖਰੜ ਡਿਵੀਜ਼ਨ ਦੇ ਬਿਜਲੀ ਕਾਮਿਆਂ ਵੱਲੋਂ ਖਰੜ ਦਫ਼ਤਰ ਵਿੱਚ ਡਿਵੀਜ਼ਨ ਪ੍ਰਧਾਨ ਟੀਐਸਯੂ ਭੁਪਿੰਦਰ ਮਦਨਹੇੜੀ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਦੁੱਮਣਾ ਨੇ ਦੱਸਿਆ ਕਿ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਜਥੇਬੰਦੀ ਨਾਲ ਮੀਟਿੰਗਾਂ ਵਿੱਚ ਹੋਈ ਗੱਲਬਾਤ ਅਨੁਸਾਰ ਮੰਨੀਆਂ ਮੰਗਾਂ ਦੀ ਪੂਰਤੀ 15 ਅਗਸਤ ਤੱਕ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਕੋਈ ਮੰਗ ਲਾਗੂ ਨਹੀਂ ਕੀਤੀ ਗਈ। ਠੇਕੇਦਾਰੀ ਸਿਸਟਮ ਕਰ ਕੇ ਲਗਾਤਾਰ ਹਾਦਸੇ ਵਧ ਰਹੇ ਹਨ ਅਤੇ ਬਿਜਲੀ ਕਾਮਿਆਂ ਦੀ ਜਾਨ ਇਨ੍ਹਾਂ ਹਾਦਸਿਆਂ ਕਰ ਕੇ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਓਸੇ ਤਰਜ਼ ’ਤੇ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਅਤੇ ਵੱਖ ਵੱਖ ਮੀਟਿੰਗਾਂ ਵਿੱਚ ਹੋਈਆਂ ਸਹਿਮਤੀਆਂ ਅਨੁਸਾਰ ਗਰਿੱਡ ਸਬ-ਸਟੇਸ਼ਨ ਉੱਪਰ ਕੰਮ ਕਰ ਰਹੇ ਬਿਜਲੀ ਕਾਮਿਆਂ (ਆਰਟੀਐਮ, ਓਸੀ, ਐੱਸਐੱਸਏ) ਦੀਆਂ ਤਰੱਕੀਆਂ/ਓਸੀ ਵਰਗ ਨੂੰ ਪੇਅ ਬੈਂਡ ਲਾਗੂ ਕਰਨ, ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਯੋਗ ਨੌਕਰੀ ਦੇਣ ਆਦਿ ਮੰਗਾਂ ਨਾ ਲਾਗੂ ਹੋਣ ਕਾਰਨ ਮੁਲਾਜ਼ਮਾਂ ਵਿੱਚ ਰੋਸ ਹੈ।
ਇਸ ਰੈਲੀ ਨੂੰ ਡਿਵੀਜ਼ਨ ਸਕੱਤਰ ਖਰੜ ਬਲਜਿੰਦਰ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਵਰਿੰਦਰ ਸਿੰਘ, ਸੁਖਜਿੰਦਰ ਸਿੰਘ, ਤਰਨਜੀਤ ਸਿੰਘ, ਨਿਰਮਲ ਸਿੰਘ, ਰੰਜੂ , ਸਰਬਜੀਤ ਸਿੰਘ, ਦੀਪਕ ਕੁਮਾਰ, ਬਲਵਿੰਦਰ ਸਿੰਘ ਹੈਪੀ, ਰਣਵੀਰ ਸਿੰਘ ਅਤੇ ਸ਼ੇਰ ਸਿੰਘ ਨੇ ਵੀ ਸੰਬੋਧਨ ਕੀਤਾ।