ਸੰਤੋਖ ਗਿੱਲ
ਰਾਏਕੋਟ, 21 ਅਗਸਤ
ਕੋਲਕਾਤਾ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਜੂਨੀਅਰ ਡਾਕਟਰ ਨਾਲ ਜਬਰ-ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਕਥਿਤ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਰਨ ਵਿਰੁੱਧ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਨਾਲ ਸਬੰਧਤ ਜਥੇਬੰਦੀਆਂ ਵੱਲੋਂ ਰਾਏਕੋਟ ਦੀ ਸਬਜ਼ੀ ਮੰਡੀ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਬੰਗਾਲ ਦੀ ਮਮਤਾ ਸਰਕਾਰ ਦਾ ਪੁਤਲਾ ਸਾੜਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਥਿਤ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਮਮਤਾ ਸਰਕਾਰ ਦੀ ਨਿੰਦਾ ਕੀਤੀ ਅਤੇ ਕਥਿਤ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਇਆ। ਆਗੂਆਂ ਨੇ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ। ਆਗੂਆਂ ਨੇ ਸੀਬੀਆਈ ਤੋਂ ਤੇਜ਼ੀ ਨਾਲ ਜਾਂਚ ਮੁਕੰਮਲ ਕਰ ਕੇ ਕਥਿਤ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ। ਸੂਬਾਈ ਆਗੂ ਰਾਜਜਸਵੰਤ ਤਲਵੰਡੀ, ਰੁਲਦਾ ਸਿੰਘ ਗੋਬਿੰਦਗੜ੍ਹ, ਪ੍ਰਿਤਪਾਲ ਸਿੰਘ ਬਿੱਟਾ, ਕਰਮ ਚੰਦ ਬੁਰਜ ਹਕੀਮਾਂ, ਕਰਨੈਲ ਸਿੰਘ ਦੱਧਾਹੂਰ ਅਤੇ ਸੰਨੀ ਰਾਏਕੋਟ ਵੀ ਮੌਜੂਦ ਸਨ।
ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਨੇ ਸਦਭਾਵਨਾ ਰੈਲੀ ਕੱਢੀ
ਦੋਰਾਹਾ (ਪੱਤਰ ਪ੍ਰੇਰਕ): ਗੁਰੂ ਨਾਨਕ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਦੋਰਾਹਾ ਐਂਬੂਲੈਂਸ ਵੈੱਲਫੇਅਰ ਸੁਸਾਇਟੀ, ਯੂਥ ਫੋਰਮ, ਯੂਥ ਵੈੱਲਫੇਅਰ ਕਲੱਬ ਅਤੇ ਸੋਸ਼ਲ ਕੈਨਾਲ ਕਲੱਬ ਦੇ ਸਹਿਯੋਗ ਨਾਲ ਸਦਭਾਵਨਾ ਦਿਵਸ ਮਨਾਉਂਦਿਆਂ ਜਾਗਰੂਕਤਾ ਰੈਲੀ ਕੱਢੀ। ਇਸ ਮੌਕੇ ਡਾ. ਲਵਲੀਨ ਬੈਂਸ ਨੇ ਕਿਹਾ ਕਿ ਸਮਾਜ ਨੂੰ ਅਮਨ ਤੇ ਸ਼ਾਂਤੀ ਦਾ ਸੰਦੇਸ ਦੇਣ ਲਈ ਇਸ ਰੈਲੀ ਵਿੱਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਹਿੱਸਾ ਲਿਆ। ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਰੈਲੀ ਨੂੰ ਰਵਾਨਾ ਕਰਦਿਆਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਜਿੱਥੇ ਅਮਨ ਸ਼ਾਂਤੀ ਅਤੇ ਨਸ਼ਿਆਂ ਖਿਲਾਫ਼ ਇੱਕਜੁੱਟ ਹੋਣ ਦਾ ਸੱਦਾ ਦੇਣਾ ਹੈ, ਉੱਥੇ ਹੀ ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਹੋਏ ਜ਼ੁਲਮ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਨਾ ਵੀ ਹੈ। ਇਸ ਮੌਕੇ ਡਾ. ਨਿਰਲੇਪ ਕੌਰ, ਪ੍ਰੋ. ਅਮਨਦੀਪ ਚੀਮਾ, ਪ੍ਰੋ. ਦੀਪਾਲੀ, ਡਾ. ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ, ਕੁਲਵੰਤ ਸਿੰਘ, ਗਿੰਨੀ ਕਪੂਰ, ਰਾਹੁਲ ਬੈਕਟਰ ਤੇ ਹਰਜੀਤ ਸਿੰਘ ਹਾਜ਼ਰ ਸਨ।