ਗੁਰਿੰਦਰ ਸਿੰਘ
ਲੁਧਿਆਣਾ, 21 ਅਗਸਤ
ਬਿਜਲੀ ਮੁਲਾਜ਼ਮਾਂ ਨੇ ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ ਤਹਿਤ ਅੱਜ ਤੋਂ 31 ਅਗਸਤ ਤੱਕ ਵਰਕ-ਟੂ-ਰੂਲ ਲਾਗੂ ਕਰਦਿਆਂ ਬਣਦੀ ਡਿਊਟੀ ਕਰਨ ਦਾ ਐਲਾਨ ਕਰ ਦਿੱਤਾ ਹੈ। ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੀ ਅਗਵਾਈ ਹੇਠ ਸੁੰਦਰ ਨਗਰ ਡਿਵੀਜ਼ਨ ਵਿੱਚ ਏਟਕ ਦੇ ਡਿਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਟੀਐੱਸਯੂ ਦੇ ਡਿਵੀਜ਼ਨ ਪ੍ਰਧਾਨ ਗੌਰਵ ਕੁਮਾਰ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ ਜਿਸ ਵਿੱਚ ਸੂਬਾਈ ਆਗੂ ਐਡੀਸ਼ਨਲ ਐੱਸਡੀਓ ਰਘਵੀਰ ਸਿੰਘ ਰਾਮਗੜ੍ਹ ਪੁੱਜੇ। ਉਨ੍ਹਾਂ ਵਰਕ-ਟੂ-ਰੂਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਮੁਲਾਜ਼ਮ 8 ਘੰਟੇ ਹੀ ਡਿਊਟੀ ਕਰਨਗੇ, ਸ਼ਿਫਟ ਡਿਊਟੀ ਵਾਲੇ ਕਰਮਚਾਰੀ ਵੀ 8 ਘੰਟੇ ਹੀ ਡਿਊਟੀ ਕਰਨਗੇ ਅਤੇ ਬਿਜਲੀ ਡਿਊਟੀ ਦੌਰਾਨ ਹੀ ਮੋਬਾਈਲ ਸੁਣਨਗੇ। ਉਨ੍ਹਾਂ ਕਿਹਾ ਕਿ ਇਕੱਲਾ ਟੈਕਨੀਕਲ ਕਰਮਚਾਰੀ ਬਿਜਲੀ ਸਬੰਧੀ ਸ਼ਿਕਾਇਤਾਂ ਅਤੇ ਸੰਚਾਰ ਲਾਈਨਾਂ ਨਾਲ ਸਬੰਧਤ ਕੰਮ ਨਹੀਂ ਕਰੇਗਾ। ਇਸ ਤੋਂ ਇਲਾਵਾ ਬਿਜਲੀ ਲਾਈਨਾਂ ’ਤੇ ਪਰਮਿਟ ਤੋਂ ਬਿਨਾਂ ਕੰਮ ਨਹੀਂ ਕੀਤਾ ਜਾਵੇਗਾ ਅਤੇ ਦਫ਼ਤਰੀ ਅਮਲਾ ਛੁੱਟੀ ਵਾਲੇ ਦਿਨ ਕੰਮ ਨਹੀਂ ਕਰੇਗਾ। ਡਿਊਟੀ ਸਮੇਂ ਤੋਂ ਪਹਿਲਾਂ ਅਤੇ ਡਿਊਟੀ ਸਮੇਂ ਤੋਂ ਬਾਅਦ ਵਿੱਚ ਕਰਮਚਾਰੀ ਬਿਜਲੀ ਚੋਰੀ ਆਦਿ ਦੀ ਚੈਕਿੰਗ ਨਹੀਂ ਕਰਨਗੇ। ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਗੌਰਵ ਕੁਮਾਰ ਨੇ ਦੱਸਿਆ ਕਿ 22 ਅਗਸਤ ਨੂੰ ਹੋਣ ਵਾਲੀ ਮੀਟਿੰਗ ਜੇਕਰ ਬੇਸਿੱਟਾ ਰਹਿੰਦੀ ਹੈ ਤਾਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਦਾ ਪਹਿਲੀ ਸਤੰਬਰ ਨੂੰ ਘਿਰਾਓ ਕਰਨ ਉਪਰੰਤ ‘ਆਪ’ ਸਰਕਾਰ ਖ਼ਿਲਾਫ਼ ਰੋਸ ਮਾਰਚ ਕਰਦਿਆਂ ਪੋਲ ਖੋਲ੍ਹ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਧਰਮਪਾਲ, ਦੀਪਕ ਕੁਮਾਰ, ਕਮਲਦੀਪ ਸਿੰਘ ਰਣੀਆ, ਕਰਤਾਰ ਸਿੰਘ, ਬਲਵੀਰ ਚੰਦ, ਹਰਪਾਲ ਸਿੰਘ, ਬਹਾਦਰ ਸਿੰਘ ਲੁਹਾਰਾ, ਰਾਮ ਦਾਸ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਕੌਰ, ਰਜਨੀ ਬਾਲਾ, ਜਸਪ੍ਰੀਤ ਕੌਰ, ਸ਼ਿਵ ਕੁਮਾਰ, ਸਾਹਿਲ ਕੁਮਾਰ ਤੇ ਜੇਈ ਆਕਾਸ਼ ਸਿਨਹਾ ਸਮੇਤ ਹੋਰ ਮੁਲਾਜ਼ਮ ਵੀ ਹਾਜ਼ਰ ਸਨ।