ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 21 ਅਗਸਤ
ਸਥਾਨਕ ਸੀਆਈਏ ਸਟਾਫ਼ ਦੀ ਟੀਮ ਨੇ ਸਰਹੱਦੀ ਪਿੰਡ ਗੱਟੀ ਰਾਜੋ ਕੀ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਐੱਸਪੀ ਰਣਧੀਰ ਕੁਮਾਰ ਨੇ ਦੱਸਿਆ ਕਿ ਲੰਘੇ ਕੱਲ੍ਹ ਸਬ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਪੁਲੀਸ ਪਾਰਟੀ ਸਰਹੱਦੀ ਪਿੰਡਾਂ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਗੱਟੀ ਰਾਜੋ ਕੀ ਪਿੰਡ ਦੇ ਰਹਿਣ ਵਾਲੇ ਰਣਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਸਾਹਮਣੇ ਤੋਂ ਮੋਟਰਸਾਈਕਲ ’ਤੇ ਆ ਰਹੇ ਸਨ ਜੋ ਪੁਲੀਸ ਨੂੰ ਦੇਖ ਕੇ ਘਬਰਾ ਗਏ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਸ਼ੱਕ ਹੋਣ ’ਤੇ ਪੁਲੀਸ ਨੇ ਉਨ੍ਹਾਂ ਨੂੰ ਪਿੱਛਾ ਕਰਕੇ ਕਾਬੂ ਕਰ ਲਿਆ ਤੇ ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ। ਦੋਵਾਂ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਸਦਰ ਵਿਚ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੈਰੋਇਨ ਸਣੇ ਮਹਿਲਾ ਕਾਬੂ; ਕੇਸ ਦਰਜ
ਕਾਲਾਂਵਾਲੀ (ਪੱਤਰ ਪ੍ਰੇਰਕ): ਸੀਆਈਏ ਸਟਾਫ ਪੁਲੀਸ ਦੀ ਟੀਮ ਨੇ ਮੰਡੀ ਕਾਲਾਂਵਾਲੀ ਵਿੱਚ ਇੱਕ ਮਹਿਲਾ ਨੂੰ 6 ਗ੍ਰਾਮ 10 ਮਿਲੀਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਸੀਆਈਏ ਸਟਾਫ਼ ਡੱਬਵਾਲੀ ਦੇ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਮਸਜਿਦ ਵਾਲੀ ਗਲੀ ਕਾਲਾਂਵਾਲੀ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਖ਼ਿਲਾਫ਼ ਥਾਣਾ ਕਾਲਾਂਵਾਲੀ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਏਐੱਸਆਈ ਪਾਲਾ ਰਾਮ ਪੁਲੀਸ ਪਾਰਟੀ ਸਣੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਕਾਲਾਂਵਾਲੀ ਤੋਂ ਤਖਤਮੱਲ ਰੋਡ ਰੇਲਵੇ ਫਾਟਕ ਕੋਲ ਮੌਜੂਦ ਸਨ। ਇਸ ਦੌਰਾਨ ਇੱਕ ਮਹਿਲਾ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਔਰਤ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਬਾਰੇ ਪਤਾ ਲਾ ਕੇ ਉਨ੍ਹਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।