ਨਵੀਂ ਦਿੱਲੀ, 21 ਅਗਸਤ
ਲੰਘੇ ਸਾਲ (2023 ’ਚ) ਦੇਸ਼ ਵਿੱਚ 65 ਤੋਂ ਵੱਧ ਵਿਦਿਆਰਥੀ 10ਵੀਂ ਤੇ 12ਵੀਂ ਦੀ ਬੋਰਡ ਪ੍ਰੀਖਿਆ ਪਾਸ ਨਹੀਂ ਕਰ ਸਕੇ। ਕੇਂਦਰੀ ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਵੱਖ-ਵੱਖ ਸੂਬਾ ਬੋਰਡਾਂ ’ਚ ਫੇਲ੍ਹ ਹੋਣ ਦੀ ਦਰ ਕੇਂਦਰੀ ਬੋਰਡ ਦੇ ਮੁਕਾਬਲੇ ਵੱਧ ਸੀ।
ਦੇਸ਼ ’ਚ 56 ਸੂਬਾ ਬੋਰਡਾਂ ਤੇ 3 ਕੌਮੀ ਬੋਰਡਾਂ ਕੁੱਲ 59 ਸਿੱਖਿਆ ਬੋਰਡਾਂ ਦੇ 10ਵੀਂ ਤੇ 12ਵੀਂ ਕਲਾਸ ਦੇ ਨਤੀਜਿਆਂ ਦੇ ਮੁਲਾਂਕਣ ਤੋਂ ਪਤਾ ਲੱਗਾ ਹੈ ਕਿ ਸਰਕਾਰੀ ਸਕੂਲਾਂ ਤੋਂ 12ਵੀਂ ਕਲਾਸ ਦੀ ਪ੍ਰੀਖਿਆ ’ਚ ਜ਼ਿਆਦਾ ਲੜਕੀਆਂ ਸ਼ਾਮਲ ਹੋਈਆਂ ਪਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ’ਚ ਸਥਿਤੀ ਇਸ ਦੇ ਉਲਟ ਹੈ।
ਸਿੱਖਿਆ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਦਸਵੀਂ ਕਲਾਸ ਦੇ ਲਗਪਗ 33.5 ਲੱਖ ਵਿਦਿਆਰਥੀ ਅਗਲੀ ਕਲਾਸ ’ਚ ਨਹੀਂ ਪਹੁੰਚ ਸਕੇ। ਇਨ੍ਹਾਂ ’ਚੋਂ 5.5 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਨਹੀਂ ਦਿੱਤੀ ਜਦਕਿ 28 ਵਿਦਿਆਰਥੀ ਫੇਲ੍ਹ ਹੋ ਗਏ।’’ ਇਸੇ ਤਰ੍ਹਾਂ 12ਵੀਂ ਕਲਾਸ ਦੇ ਲਗਪਗ 32.4 ਲੱਖ ਵਿਦਿਆਰਥੀ ਪਾਸ ਨਹੀਂ ਹੋ ਸਕੇ।
ਇਨ੍ਹਾਂ ਵਿੱਚੋਂ 5.2 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਨਹੀਂ ਦਿੱਤੀ ਜਦਕਿ 27.2 ਵਿਦਿਆਰਥੀ ਫੇਲ੍ਹ ਹੋ ਗਏ। ਦਸਵੀਂ ਕਲਾਸ ’ਚ ਕੇਂਦਰੀ ਬੋਰਡ ’ਚ ਵਿਦਿਆਰਥੀਆਂ ਦੀ ਫੇਲ੍ਹ ਦਰ 6 ਫ਼ੀਸਦ ਤੇ ਸੂਬਾ ਬੋਰਡ ’ਚ 16 ਫ਼ੀਸਦ ਸੀ ਜਦਕਿ ਬਾਰ੍ਹਵੀਂ ਕਲਾਸ ’ਚ ਇਹ ਦਰ ਕ੍ਰਮਵਾਰ 12 ਤੇ 18 ਫ਼ੀਸਦ ਹੈ। ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਕਲਾਸਾਂ ’ਚ ਓਪਨ ਸਕੂਲ ਦੀ ਕਾਰਗੁਜ਼ਾਰੀ ਮਾੜੀ ਰਹੀ ਹੈ। ਦਸਵੀਂ ਕਲਾਸ ’ਚ ਫੇਲ੍ਹ ਹੋਣ ਵਾਲੇ ਸਭ ਤੋਂ ਵੱਧ ਵਿਦਿਆਰਥੀ ਮੱਧ ਪ੍ਰਦੇਸ਼ ਬੋਰਡ ਦੇ ਸਨ, ਜਿਸ ਮਗਰੋਂ ਬਿਹਾਰ ਤੇ ਉੱਤਰ ਪ੍ਰਦੇਸ਼ ਦਾ ਨੰਬਰ ਸੀ। -ਪੀਟੀਆਈ