ਜਗਤਾਰ ਸਮਾਲਸਰ
ਏਲਨਾਬਾਦ, 21 ਅਗਸਤ
ਇੱਥੇ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਏਲਨਾਬਾਦ ਵਿੱਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਦੇ ਵਿਰੋਧ ਵਿੱਚ ਭੀਮ ਆਰਮੀ, ਕਾਂਗਰਸ, ਬਸਪਾ ਅਤੇ ਹੋਰ ਦਲਿਤ ਸੰਗਠਨਾਂ ਦੇ ਆਗੂਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਸਰਕਾਰ ਅਤੇ ਸੁਪਰੀਮ ਕੋਰਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਵੇਰੇ ਕਰੀਬ ਦੋ ਘੰਟੇ ਤੱਕ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਬੰਦ ਰਹੀਆ ਪਰ ਬਾਅਦ ਵਿੱਚ ਬਾਜ਼ਾਰ ਪੂਰੀ ਤਰ੍ਹਾਂ ਖੁੱਲ੍ਹ ਗਿਆ। ਦਲਿਤ ਸੰਗਠਨਾਂ ਦੇ ਲੋਕ ਅੱਜ ਸ਼ਹਿਰ ਦੇ ਟਿੱਬੀ ਬੱਸ ਸਟੈਂਡ ਨੇੜੇ ਇਕੱਠੇ ਹੋਏ ਅਤੇ ਸ਼ਹਿਰ ਵਿੱਚ ਦੀ ਰੋਸ ਮਾਰਚ ਕਰਦੇ ਹੋਏ ਸਿਰਸਾ ਰੋਡ ਸਥਿਤ ਅੰਬੇਡਕਰ ਚੌਕ ਪਹੁੰਚੇ ਜਿੱਥੇ ਉਨ੍ਹਾਂ ਐੱਸਡੀਐੱਮ ਨੂੰ ਮੰਗ ਪੱਤਰ ਦਿੱਤਾ। ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਡੀਐੱਸਪੀ ਸੰਜੀਵ ਕੁਮਾਰ ਅਤੇ ਥਾਣਾ ਇੰਚਾਰਜ ਜਗਦੀਸ਼ ਚੰਦਰ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਤਾਇਨਾਤ ਰਹੀ। ਦਲਿਤ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਦਲਿਤਾਂ ਦਾ ਵਰਗੀਕਰਨ ਕਰਕੇ ਰਾਜਸੀ ਰੋਟੀਆਂ ਸੇਕਣਾ ਚਾਹੁੰਦੀ ਹੈ। ਭਾਜਪਾ ਦਾ ਇਹ ਮਕਸਦ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸੁਪਰੀਮ ਕੋਰਟ ਵੱਲੋਂ ਜਦੋਂ ਤੱਕ ਇਸ ਫ਼ੈਸਲੇ ਨੂੰ ਵਾਪਸ ਨਹੀ ਲਿਆ ਜਾਂਦਾ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ।
ਭੀਖੀ (ਕਰਨ ਭੀਖੀ): ਦਲਿਤ ਸਮਾਜ ਜਥੇਬੰਦੀਆਂ ਵੱਲੋਂ ਐੱਸਸੀ, ਐੱਸਟੀ ਰਾਖਵਾਂਕਰਨ ਸਬੰਧੀ ਭਾਰਤ ਬੰਦ ਦੇ ਦਿੱਤੇ ਸੱਦੇ ਅਨੁਸਾਰ ਕਸਬਾ ਭੀਖੀ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਅਤੇ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਧਲੇਵਾਂ ਰੋਡ ਤੋਂ ਲੈ ਕੇ ਬਰਨਾਲਾ ਚੌਕ ਤੱਕ ਰੋਸ ਮਾਰਚ ਕੀਤਾ ਗਿਆ। ਬੱਸ ਅੱਡਾ ਚੌਕ ਵਿੱਚ ਧਰਨੇ ਦੌਰਾਨ ਸੰਬੋਧਨ ਕਰਦਿਆਂ ਬਸਪਾ ਆਗੂ ਰਜਿੰਦਰ ਭੀਖੀ ਨੇ ਕਿਹਾ ਕਿ ਦੇਸ਼ ਅੰਦਰ ਧੀਆਂ ਦੀ ਰਾਖੀ ਲਈ ਵੱਡੇ-ਵੱਡੇ ਕਾਨੂੰਨ ਬਣ ਚੁੱਕੇ ਹਨ ਪਰ ਧੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਲਿਤਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਐੱਸਸੀ/ਐੱਸਟੀ ਰਾਖਵਾਂਕਰਨ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ, ਜੋ ਕਦੇ ਵੀ ਪ੍ਰਦਾਸ਼ਤ ਨਹੀਂ ਕਰਾਂਗੇ। ਧਰਨੇ ਦੌਰਾਨ ਨਾਇਬ ਤਹਿਸੀਲਦਾਰ ਵਿਪਨ ਕੁਮਾਰ ਨੂੰ ਧਰਨਾਕਾਰੀਆਂ ਵੱਲੋਂ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਭਗਵਾਨ ਸਿੰਘ ਹੋਡਲਾ, ਸਿਊਨਾ ਸਿੰਘ, ਸੁਖਚੈਨ ਸਿੰਘ ਮੱਤੀ, ਮੱਖਣ ਲਾਲ, ਕਸ਼ਮੀਰ ਸਿੰਘ, ਬਿੱਟੂ ਭੀਖੀ, ਸੁਖਜਿੰਦਰ ਹਾਜ਼ਰ ਸਨ।
‘ਭਾਰਤ ਬੰਦ’ ਦੇ ਸੱਦੇ ਨੂੰ ਸਿਰਸਾ ਵਿੱਚ ਨਾ ਮਿਲਿਆ ਹੁੰਗਾਰਾ
ਸਿਰਸਾ (ਪ੍ਰਭੂ ਦਿਆਲ): ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਐੱਸਟੀ) ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਨ ਲਈ ਅੱਜ ਭਾਰਤ ਬੰਦ ਦੇ ਸੱਦੇ ਨੂੰ ਸਿਰਸਾ ’ਚ ਲੋਕਾਂ ਦਾ ਹੁੰਗਾਰਾ ਨਹੀਂ ਮਿਲਿਆ। ਜਿੱਥੇ ਬਾਜ਼ਾਰ ਤੇ ਵਿਦਿਅਕ ਅਦਾਰੇ ਆਮ ਵਾਂਗ ਖੁੱਲ੍ਹੇ ਰਹੇ ਉਥੇ ਹੀ ਬਹੁਜਨ ਸਮਾਜ ਨਾਲ ਜੁੜੇ ਲੋਕਾਂ ਨੇ ਰੋਹ ਭਰਿਆ ਪ੍ਰਦਰਸ਼ਨ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਬਹੁਜਨ ਸਮਾਜ ਪਾਰਟੀ ਤੇ ਕੁਝ ਹੋਰ ਜਥੇਬੰਦੀਆਂ ਨਾਲ ਜੁੜੇ ਲੋਕ ਵੱਡੀ ਗਿਣਤੀ ’ਚ ਅੰਬੇਡਕਰ ਚੌਕ ’ਚ ਇਕੱਠੇ ਹੋਏ ਜਿਥੋਂ ਉਹ ਰੋਸ ਪ੍ਰਦਰਸ਼ਨ ਕਰਦੇ ਹੋਏ ਮਿਨੀ ਸਕੱਤਰੇਤ ਪੁੱਜੇ ਜਿਥੇ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣਾ ਮੰਗ ਪੱਤਰ ਸੌਂਪਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਾਤੀ ਸ਼੍ਰੇਣੀਆਂ ਦੇ ਰਾਖਵੇਂਕਰਨ ਵਿੱਚ ਉਪ-ਸ਼੍ਰੇਣੀਕਰਨ ਲਗਾਉਣ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਕਾਰਨ ਐੱਸਸੀ ਅਤੇ ਐੱਸਟੀ ਵਰਗ ਦੇ ਕਰੋੜਾਂ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਗਿਆ ਹੈ। ਸਮਾਜਿਕ ਅਤੇ ਵਿਦਿਅਕ ਤੌਰ ’ਤੇ ਪਛੜੇ ਲੋਕਾਂ ਲਈ ਰਾਖਵਾਂਕਰਨ (ਪ੍ਰਤੀਨਿਧਤਾ) ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਗਈ ਹੈ, ਨਾ ਕਿ ਆਰਥਿਕ ਆਧਾਰ ’ਤੇ। ਰਾਜ ਸਰਕਾਰਾਂ ਨੂੰ ਇਨ੍ਹਾਂ ਵਰਗਾਂ ਦੇ ਰਾਖਵੇਂਕਰਨ ਵਿੱਚ ਮਾਪਦੰਡ ਅਤੇ ਉਪ-ਵਰਗੀਕਰਨ ਦਾ ਅਧਿਕਾਰ ਦਿੱਤਾ ਗਿਆ ਹੈ, ਜਦੋਂ ਕਿ ਧਾਰਾ 341 ਅਤੇ 342 ਦੇ ਤਹਿਤ, ਉਹ ਕਿਸੇ ਵੀ ਜਾਤੀ ਅਤੇ ਉਪ-ਜਾਤੀ ਨੂੰ ਰਾਖਵੇਂਕਰਨ ਦੇ ਦਾਇਰੇ ਵਿੱਚ ਲਿਆਉਣ ਦਾ ਅਧਿਕਾਰ ਰੱਖਦੀਆਂ ਹਨ। ਇਸ ਮੌਕੇ ਲੀਲੂਰਾਮ ਆਸਾਖੇੜਾ, ਪ੍ਰੇਮ ਰਾਠੀ, ਧਰਮਪਾਲ ਮਖੋਸਰਾਨੀ, ਪ੍ਰਦੀਪ ਕਾਗਦਾਨਾ, ਬੰਸੀਲਾਲ, ਰੋਹਤਾਸ਼ ਮਹਿਰਾ, ਲੀਲਾ ਕ੍ਰਿਸ਼ਨ, ਜਸਵੰਤ ਕਾਲਾਂਵਾਲੀ ਮੌਜੂਦ ਸਨ।