ਪੱਤਰ ਪ੍ਰੇਰਕ
ਮਾਨਸਾ, 21 ਅਗਸਤ
ਇੱਥੇ ਅੱਜ ਦੇਰ ਸ਼ਾਮ ਮਾਨਸਾ ਨੇੜਲੇ ਪਿੰਡ ਭੰਮੇ ਕਲਾਂ (ਮਾਨਸਾ- ਸਿਰਸਾ ਨੈਸ਼ਨਲ ਹਾਈਵੇਅ ’ਤੇ) ਨੇੜੇ ਕਾਰ ਅਤੇ ਸਕੂਟਰੀ ਦੀ ਟੱਕਰ ਹੋਣ ਕਾਰਨ ਸਕੂਟਰੀ ਸਵਾਰ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਥਾਣਾ ਝੁਨੀਰ ਪੁਲੀਸ ਇਸ ਮਾਮਲੇ ਦੀ ਜਾਂਚ ਕਰਨ ’ਚ ਜੁਟ ਗਈ ਹੈ।ਥਾਣਾ ਝੁਨੀਰ ਦੇ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਬਰਨਾਲਾ ਸਿਰਸਾ ਨੈਸ਼ਨਲ ਹਾਈਵੇਅ ’ਤੇ ਪਿੰਡ ਭੰਮੇ ਕਲਾਂ ਨੇੜੇ ਮਾਨਸਾ ਵੱਲੋਂ ਕਾਰ ਜਾ ਰਹੀ ਸੀ, ਜਦੋਂਕਿ ਦੂਜੇ ਪਾਸੇ ਸਕੂਟਰੀ ਸਵਾਰ ਮਾਨਸਾ ਵੱਲ ਆ ਰਿਹਾ ਸੀ। ਇਨ੍ਹਾਂ ਦੋਨਾਂ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਦੌਰਾਨ ਸਕੂਟਰੀ ਸਵਾਰ ਅਵਤਾਰ ਸਿੰਘ 52 ਸਾਲਾਂ ਦੀ ਮੌਤ ਹੋ ਗਈ। ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਤੇ ਪੋਸਟਮਾਰਟਮ ਸਵੇਰੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਗੁਰਮੇਲ ਸਿੰਘ ਵਾਸੀ ਸਹਾਰਨਾ ਦੇ ਬਿਆਨਾਂ ’ਤੇ ਕਥਿਤ ਮੁਲਜ਼ਮ ਕਾਰਤਿਕ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।