ਨਵੀਂ ਦਿੱਲੀ, 21 ਅਗਸਤ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਕੁੱਲ 11 ਉਮੀਦਵਾਰਾਂ ਨੇ ਅੱਜ ਵੱੱਖ-ਵੱਖ ਸੂਬਿਆਂ ਵਿਚ ਰਾਜ ਸਭਾ ਸੀਟਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਬਿੱਟੂ ਨੇ ਰਾਜਸਥਾਨ ਤੋਂ ਰਾਜ ਸਭਾ ਉਪ ਚੋਣ ਲਈ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰੇ ਹਨ। ਬਿੱਟੂ ਨੇ ਇੱਥੇ ਵਿਧਾਨ ਸਭਾ ਭਵਨ ਵਿੱਚ ਰਿਟਰਨਿੰਗ ਅਫ਼ਸਰ ਮਹਾਵੀਰ ਪ੍ਰਸਾਦ ਸ਼ਰਮਾ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਉਨ੍ਹਾਂ ਦੇ ਨਾਲ ਸਨ। ਇਸ ਤੋਂ ਪਹਿਲਾਂ ਬਿੱਟੂ ਨੇ ਭਾਜਪਾ ਵਿਧਾਇਕ ਦਲ ਦੀ ਮੀਟਿੰਗ ’ਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਉਮੀਦਵਾਰ ਬਣਾਉਣ ’ਤੇ ਪਾਰਟੀ ਦਾ ਧੰਨਵਾਦ ਕੀਤਾ| ਨਾਮਜ਼ਦਗੀਆਂ ਦਾਖਲ ਕਰਨ ਦਾ ਅੱਜ ਆਖਰੀ ਦਿਨ ਸੀ। 22 ਅਗਸਤ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਜਦਕਿ 27 ਅਗਸਤ ਤੱਕ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਦੇ ਹਨ। ਜੇ ਲੋੜ ਪਈ ਤਾਂ 3 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਇਸੇ ਦਿਨ ਵੋਟਾਂ ਦੀ ਗਿਣਤੀ ਹੋਵੇਗੀ।
ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਅਤੇ ਸੁਪਰੀਮ ਕੋਰਟ ਦੇ ਵਕੀਲ ਮਨਨ ਕੁਮਾਰ ਮਿਸ਼ਰਾ ਨੇ ਬਿਹਾਰ ਦੀਆਂ ਦੋ, ਭਾਜਪਾ ਉਮੀਦਵਾਰ ਧੈਰਿਆਸ਼ੀਲ ਪਾਟਿਲ ਅਤੇ ਐੱਨਸੀਪੀ ਉਮੀਦਵਾਰ ਨਿਤਿਨ ਪਾਟਿਲ ਨੇ ਮਹਾਰਾਸ਼ਟਰ ਦੀਆਂ ਦੋ ਅਤੇ ਭਾਜਪਾ ਦੇ ਮਿਸ਼ਨ ਰੰਜਨ ਦਾਸ ਤੇ ਰਾਮੇਸ਼ਵਰ ਤੇਲੀ ਨੇ ਅਸਾਮ ਦੀਆਂ ਦੋ ਸੀਟਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸੇ ਤਰ੍ਹਾਂ ਕੇਂਦਰੀ ਮੰੰਤਰੀ ਜੌਰਜ ਕੁਰੀਅਨ ਨੇ ਮੱਧ ਪ੍ਰਦੇਸ਼, ਸਾਬਕਾ ਵਿਧਾਇਕ ਕਿਰਨ ਚੌਧਰੀ ਨੇ ਹਰਿਆਣਾ ਅਤੇ ਰਾਜਿਬ ਭੱਟਾਚਾਰਜੀ ਨੇ ਤ੍ਰਿਪੁਰਾ ਤੋਂ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਹੈ। ਉਧਰ ਉੜੀਸਾ ਤੋਂ ਮਮਤਾ ਮੋਹੰਤਾ ਨੇ ਭਾਜਪਾ ਅਤੇ ਇੱਕ ਹੋਰ ਭਾਜਪਾ ਆਗੂ ਜਗਨਨਾਥ ਪ੍ਰਧਾਨ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਹੈ। ਭਾਜਪਾ ਦੀ ਉੜੀਸਾ ਇਕਾਈ ਦੇ ਪ੍ਰਧਾਨ ਵਿਜੈ ਪਾਲ ਸਿੰਘ ਤੋਮਰ ਨੇ ਦੱਸਿਆ ਕਿ ਮੋਹੰਤਾ ਉਨ੍ਹਾਂ ਦੀ ਅਧਿਕਾਰਤ ਉਮੀਦਵਾਰ ਜਦਕਿ ਪ੍ਰਧਾਨ ‘ਡੰਮੀ ਉਮੀਦਵਾਰ’ ਹਨ। -ਪੀਟੀਆਈ
ਕਾਂਗਰਸ ਵੱਲੋਂ ਦਿਖਾਇਆ ਸੁਫਨਾ ਭਾਜਪਾ ਨੇ ਪੂਰਾ ਕੀਤਾ: ਕਿਰਨ ਚੌਧਰੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ):
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਦੀ ਨੂੰਹ ਅਤੇ ਸਾਬਕਾ ਵਿਧਾਇਕ ਕਿਰਨ ਚੌਧਰੀ ਨੇ ਅੱਜ ਚੰਡੀਗੜ੍ਹ ਸਥਿਤ ਵਿਧਾਨ ਸਭਾ ਕੰਪਲੈਕਸ ਵਿੱਚ ਭਾਜਪਾ ਵੱਲੋਂ ਨਾਮਜ਼ਦਗੀ ਦਾਖਲ ਕੀਤੀ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਕਿਰਨ ਚੌਧਰੀ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੂੰ ਕਾਂਗਰਸ ਨੇ ਸਾਲ 2004 ਵਿੱਚ ਰਾਜ ਸਭਾ ਭੇਜਣ ਦਾ ਵਾਅਦਾ ਕੀਤਾ ਸੀ ਪਰ ਭਾਜਪਾ ਨੇ ਅੱਜ 20 ਸਾਲ ਬਾਅਦ ਉਨ੍ਹਾਂ ਦਾ ਸੁਫਨਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 45 ਸਾਲ ਕਾਂਗਰਸ ਦੀ ਸੇਵਾ ਕੀਤਾ ਪਰ ਹੁਣ ਆਖਰੀ ਸਾਹ ਤੱਕ ਉਹ ਭਾਜਪਾ ਦੀ ਸੇਵਾ ਕਰਨਗੇ।