ਯੇਰੋਸ਼ਲਮ, 21 ਅਗਸਤ
ਲਿਬਨਾਨ ਦੇ ਦਹਿਸ਼ਤੀ ਸਮੂਹ ਹਿਜ਼ਬੁੱਲ੍ਹਾ ਨੇ ਇਜ਼ਰਾਈਲ ਦੇ ਕਬਜ਼ੇ ਵਾਲੀਆਂ ਗੋਲਾਨ ਪਹਾੜੀਆਂ ਵਿਚ 50 ਤੋਂ ਵੱਧ ਰਾਕੇਟ ਦਾਗ਼ ਕੇ ਘਰਾਂ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਅਜਿਹੇ ਮੌਕੇ ਕੀਤਾ ਗਿਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਗਾਜ਼ਾ ਵਿਚ ਇਜ਼ਰਾਈਲ ਤੇ ਫ਼ਲਸਤੀਨ ’ਚ ਚਲਦੇ ਟਕਰਾਅ ਦੇ ਹੱਲ ਲਈ ਵਿਚੋਲਗੀ ਕਰ ਰਹੇ ਮਿਸਰ ਤੇ ਕਤਰ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਹਮਾਸ ਨੇ ਇਕ ਨਵੇਂ ਬਿਆਨ ਵਿਚ ਕਿਹਾ ਕਿ ਉਸ ਨੂੰ ਦਿੱਤੀ ਸੱਜਰੀ ਤਜਵੀਜ਼ ਪਹਿਲਾਂ ਬਣੀ ਸਹਿਮਤੀ ਤੋਂ ਬਿਲਕੁਲ ਉਲਟ ਹੈ। ਹਮਾਸ ਨੇ ਅਮਰੀਕਾ ’ਤੇ ਇਜ਼ਰਾਈਲ ਦੀਆਂ ਇਨ੍ਹਾਂ ਨਵੀਆਂ ਸ਼ਰਤਾਂ ’ਤੇ ਰਜ਼ਾਮੰਦੀ ਦੇਣ ਦਾ ਦੋਸ਼ ਲਾਇਆ ਹੈ। ਅਮਰੀਕਾ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਬਾਰੇ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਹਿਜ਼ਬੁੱਲ੍ਹਾ ਵੱਲੋਂ ਗੋਲਾਨ ਪਹਾੜੀਆਂ ’ਤੇ ਕੀਤੇ ਹਮਲਿਆਂ ਵਿਚ 30 ਸਾਲਾ ਵਿਅਕਤੀ ਜ਼ਖ਼ਮੀ ਹੋ ਗਿਆ। ਇਕ ਘਰ ਅੱਗ ਦੀਆਂ ਲਾਟਾਂ ਵਿਚ ਘਿਰ ਗਿਆ ਜਦੋਂਕਿ ਅੱਗ ਬੁਝਾਊ ਦਸਤੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਗੈਸ ਲੀਕ ਰੋਕ ਕੇ ਇਕ ਵੱਡੇ ਹਾਦਸੇ ਨੂੰ ਟਾਲ ਦਿੱਤਾ। ਹਿਜ਼ਬੁੱਲ੍ਹਾ ਨੇ ਕਿਹਾ ਕਿ ਇਹ ਹਮਲਾ ਮੰਗਲਵਾਰ ਰਾਤ ਨੂੰ ਲਿਬਨਾਨ ਦੇ ਧੁਰ ਅੰਦਰ ਤੱਕ ਕੀਤੇ ਇਜ਼ਰਾਇਲੀ ਹਮਲਿਆਂ, ਜਿਸ ਵਿਚ ਇਕ ਵਿਅਕਤੀ ਦੀ ਮੌਤ ਤੇ 19 ਹੋਰ ਜ਼ਖ਼ਮੀ ਹੋ ਗਏ ਸਨ, ਖਿਲਾਫ਼ ਕੀਤੀ ਜਵਾਬੀ ਕਾਰਵਾਈ ਹੈ। ਇਜ਼ਰਾਈਲ ਨੇ ਸਰਹੱਦ ਤੋਂ ਕੋਈ 80 ਕਿਲੋਮੀਟਰ ਦੂਰਾ ਹਿਜ਼ਬੁੱਲ੍ਹਾ ਦੇ ਹਥਿਆਰਾਂ ਦੇ ਡਿੱਪੂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਮਗਰੋਂ ਲਿਬਨਾਨ ਦੇ ਦਹਿਸ਼ਤੀ ਸਮੂਹ ਨੇ ਇਜ਼ਰਾਈਲ ਵੱਲ 200 ਤੋਂ ਵੱਧ ਰਾਕੇਟ ਦਾਗੇ। -ਏਪੀ