ਦਵਿੰਦਰ ਸਿੰਘ ਭੰਗੂ
ਰਈਆ, 23 ਅਗਸਤ
ਸਰਕਾਰੀ ਸੀਨੀਅਰ ਸੈਕੰਡਰੀ ਖਿਲਚੀਆਂ ਸਕੂਲ ਦੇ ਅਧਿਆਪਕ ਵੱਲੋਂ ਸਵੇਰ ਦੀ ਸਭਾ ਸਮੇਂ ਦਸਵੀਂ ਕਲਾਸ ਦੇ ਵਿਦਿਆਰਥੀ ਦੀ ਲੱਤ ’ਤੇ ਸੋਟੀ ਮਾਰਨ ਕਾਰਨ ਪਏ ਨਿਸ਼ਾਨ ਤੇ ਸੋਜ਼ਿਸ਼ ਕਾਰਨ ਬੱਚੇ ਦੇ ਮਾਪਿਆਂ ਵਿੱਚ ਰੋਸ ਹੈ। ਇਸ ਸਬੰਧੀ ਵਿਦਿਆਰਥੀ ਦੇ ਮਾਪਿਆਂ ਨੇ ਸਿੱਖਿਆ ਮੰਤਰੀ, ਡੀਪੀਆਈ (ਸੈਕੰਡਰੀ) ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਨੂੰ ਸ਼ਿਕਾਇਤ ਭੇਜ ਕਿ ਅਧਿਆਪਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਦਸਵੀਂ ਕਲਾਸ ਦੇ ਵਿਦਿਆਰਥੀ ਸੁਖਮਨਦੀਪ ਸਿੰਘ ਦੇ ਸਵੇਰ ਦੀ ਸਭਾ ਵਿੱਚ ਅਧਿਆਪਕ ਗੁਰਮੀਤ ਸਿੰਘ ਵੱਲੋ ਬਿਨਾਂ ਕਿਸੇ ਕਾਰਨ ਉਸ ਦੇ ਪਿੱਛੇ ਲੱਤ ’ਤੇ ਜ਼ੋਰ ਦੀ ਸੋਟੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਲੱਤ ’ਤੇ ਸੋਟੀ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਹਨ ਅਤੇ ਉਸ ਦੇ ਲੱਤ ਤੇ ਭਾਰੀ ਸੋਜ਼ਸ਼ ਦੇਖਣ ਨੂੰ ਮਿਲੀ। ਇਸ ਸਬੰਧੀ ਬੱਚੇ ਦੇ ਮਾਪਿਆ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਸਕੂਲੀ ਬੱਚੇ ਦੇ ਪਿਤਾ ਹਰਦੇਵ ਸਿੰਘ ਵਾਸੀ ਖਿਲਚੀਆਂ ਨੇ ਦੱਸਿਆ ਕਿ ਉਸ ਦਾ ਬੇਟਾ ਦਸਵੀਂ ਕਲਾਸ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ। ਅੱਜ ਸਕੂਲ ਨਾ ਜਾਣ ਬਾਰੇ ਪੁੱਛਣ ’ਤੇ ਉਸ ਦੇ ਬੇਟੇ ਨੇ ਦੱਸਿਆ ਕਿ ਅਧਿਆਪਕ ਵੱਲੋਂ ਲੱਤ ’ਤੇ ਮਾਰੀ ਗਈ ਸੋਟੀ ਕਾਰਨ ਉਸ ਨੂੰ ਬਹੁਤ ਦਰਦ ਹੋ ਰਹੀ ਹੈ ਜਿਸ ਵਕਤ ਉਸ ਨੂੰ ਦੇਖਿਆ ਕਿ ਲੱਤ ਤੇ ਸੋਟੀ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ ਅਤੇ ਭਾਰੀ ਸੋਜਿਸ਼ ਸੀ। ਇਸ ਮਗਰੋਂ ਉਹ ਅੱਜ ਪਤਾ ਕਰਨ ਸਕੂਲ ਗਏ ਤਾਂ ਸਕੂਲ ਵਿਚ ਤਾਇਨਾਤ ਸੁਰੱਖਿਆ ਗਾਰਡਾਂ ਵੱਲੋਭ ਉਸ ਨੂੰ ਸਕੂਲ ਪ੍ਰਿੰਸੀਪਲ ਤੱਕ ਵੀ ਨਹੀਂ ਜਾਣ ਦਿੱਤਾ। ਇਸ ਸਬੰਧੀ ਉਨ੍ਹਾਂ ਲਿਖਤੀ ਤੌਰ ’ਤੇ ਸਿੱਖਿਆ ਮੰਤਰੀ ਪੰਜਾਬ, ਡੀਪੀਆਈ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਗੁਰਮੀਤ ਸਿੰਘ ਅਧਿਆਪਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਅਧਿਆਪਕ ਗੁਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਚੇ ਦੇ ਸੋਟੀ ਮਾਰਨ ਦੀ ਗੱਲ ਕਬੂਲ ਕੀਤੀ ਹੈ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਰਾਜੀਵ ਕੱਕੜ ਨੇ ਕਿਹਾ ਉਹ ਕੱਲ੍ਹ ਚੰਡੀਗੜ੍ਹ ਕਿਸੇ ਨਿੱਜੀ ਕੰਮ ਗਏ ਸਨ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਨਹੀਂ। ਫਿਰ ਵੀ ਉਨ੍ਹਾਂ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜਿਸ ਦੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਹਰ ਭਗਵੰਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਪਾਸ ਲਿਖਤੀ ਸ਼ਿਕਾਇਤ ਪੁੱਜੀ ਹੈ ਜਿਸ ਸਬੰਧੀ ਸਕੂਲ ਪ੍ਰਿੰਸੀਪਲ ਪਾਸੋਂ ਰਿਪੋਰਟ ਮੰਗ ਲਈ ਗਈ ਹੈ।