ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 22 ਅਗਸਤ
ਇੱਥੇ ਅੱਜ ਡੱਬਵਾਲੀ ਜ਼ਿਲ੍ਹਾ ਪੁਲੀਸ ਦੀ ਏਐੱਨਸੀ ਟੀਮ ਅਤੇ ਜ਼ਿਲ੍ਹਾ ਡਰੱਗ ਕੰਟਰੋਲਰ ਟੀਮ ਸਿਰਸਾ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਪਿੰਡ ਟੱਪੀ, ਅਲੀਕਾਂ ਅਤੇ ਸਾਂਵਤ ਖੇੜਾ ਵਿੱਚ ਤਿੰਨ ਮੈਡੀਕਲ ਸਟੋਰਾਂ ’ਤੇ ਛਾਪੇ ਮਾਰ ਕੇ ਉਨ੍ਹਾਂ ਨੂੰ ਸੀਲ ਕੀਤਾ ਗਿਆ ਹੈ। ਤਿੰਨਾਂ ਸਟੋਰਾਂ ’ਤੇ ਲਗਪਗ 264 ਮੈਡੀਕਲ ਗੋਲੀਆਂ ਬਿਨਾਂ ਬਿਲ ਤੋਂ ਪਾਈਆਂ ਗਈਆਂ। ਇਹ ਦਵਾਈਆਂ ਲੋਕ ਵੱਲੋਂ ਨਸ਼ੇ ਵਜੋਂ ਵਰਤੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਸਰਕਾਰ ਦੇ ਸਖਤ ਨਿਰਦੇਸ਼ਾਂ ਦੇ ਬਾਵਜੂਦ ਵੀ ਮੈਡੀਕਲ ਸਟੋਰਾਂ ’ਤੇ ਸੀਸੀਟੀਵੀ ਵੀ ਚਾਲੂ ਹਾਲਤ ਵਿੱਚ ਨਹੀਂ ਪਾਏ ਗਏ। ਛਾਪੇਮਾਰ ਕਾਰਵਾਈ ਨੂੰ ਡਰੱਗ ਇੰਸਪੈਕਟਰ ਕੇਸ਼ਵ ਵਸ਼ਿਸ਼ਟ ਅਤੇ ਡਰੱਗ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਵਿੱਚ ਅੰਜਾਮ ਦਿੱਤਾ ਗਿਆ ਹੈ। ਡਰੱਗ ਇੰਸਪੈਕਟਰ ਕੇਸ਼ਵ ਵਸ਼ਿਸ਼ਠ ਨੇ ਦੱਸਿਆ ਕਿ ਪਿੰਡ ਟਿੱਪੀ ਦੇ ਲਾਈਫ ਲਾਈਨ ਮੈਡੀਕਲ ਸਟੋਰ ਵਿੱਚ ਛਾਪੇ ਦੌਰਾਨ ਟੇਪੇਂਟਾਡੌਲ ਦੀਆਂ 126 ਗੋਲੀਆਂ ਅਤੇ ਪਿੰਡ ਸਾਂਵਤ ਖੇੜਾ ਦੇ ਨਿਊ ਕੰਬੋਜ ਮੈਡੀਕਲ ਸਟੋਰ ਵਿੱਚ ਟੇਪੇਂਟਾਡੌਲ ਦੀਆਂ ਦੋ ਕਿਸਮਾਂ ਦੀ 120 ਗੋਲੀਆਂ ਮਿਲੀਆਂ ਹਨ। ਸਟੋਰ ਸੰਚਾਲਕ ਸਬੰਧਤ ਦਵਾਈਆਂ ਦੇ ਬਿਲ ਪੇਸ਼ ਨਹੀਂ ਕਰ ਸਕੇ। ਡਰੱਗ ਇੰਸਪੇਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਪਿੰਡ ਅਲੀਕਾਂ ਵਿੱਚ ਭਗਵਾਨ ਮੈਡੀਕਲ ਸਟੋਰ ਵਿੱਚ ਕਰੀਬ 18 ਗੋਲੀਆਂ ਬਿਨਾਂ ਬਿਲ ਦੇ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਡੀਕਲ ਸਟੋਰਾਂ ਦਾ ਰਿਕਾਰਡ ਵੀ ਦਰੁਸਤ ਨਹੀਂ ਹੈ।