ਨਿੱਜੀ ਪੱਤਰ ਪ੍ਰੇਰਕ
ਸਿਰਸਾ, 22 ਅਗਸਤ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲੀਸ ਦੀਆਂ ਵੱਖ-ਵੱਖ ਟੀਮਾਂ ਨੇ 11 ਸ਼ਰਾਬ ਤਸਕਰਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਤੋਂ 149 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 1300 ਲਿਟਰ ਲਾਹਣ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਪੁਲੀਸ ਬੁਲਾਰੇ ਨੇ ਦੱਸਿਆ ਹੈ ਕਿ ਪੁਲੀਸ ਦੀਆਂ ਵੱਖ-ਵੱਖ ਟੀਮਾਂ ਨੇ ਲੰਘੀ ਰਾਤ ਵੱਖ-ਵੱਖ ਇਲਾਕਿਆਂ ’ਚੋਂ ਗਸ਼ਤ ਅਤੇ ਚੈਕਿੰਗ ਦੌਰਾਨ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 149 ਬੋਤਲਾਂ ਦੇਸੀ ਸ਼ਰਾਬ ਅਤੇ 1300 ਲਿਟਰ ਲਾਹਣ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਸਬੰਧਤ ਥਾਣਿਆਂ ’ਚ ਕੇਸ ਦਰਜ ਕੀਤੇ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਸਿਕੰਦਰਪੁਰ ’ਚ ਛਾਪਾ ਮਾਰ ਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 800 ਲਿਟਰ ਲਾਹਣ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਬਲਵਿੰਦਰ ਅਤੇ ਸੰਦੀਪ ਕੁਮਾਰ ਵਾਸੀ ਪਿੰਡ ਸਿਕੰਦਰਪੁਰ ਵਜੋਂ ਹੋਈ ਹੈ। ਇਸੇ ਪਿੰਡ ਵਿੱਚੋਂ ਸੋਨੂੰ ਨੂੰ 100 ਲਿਟਰ ਸ਼ਰਾਬ ਸਣੇ ਕਾਬੂ ਕੀਤਾ ਹੈ। ਇੱਕ ਹੋਰ ਘਟਨਾ ਵਿੱਚ ਇਕ ਹੋਰ ਵਿਅਕਤੀ ਦੇ ਘਰੋਂ 400 ਲਿਟਰ ਲਾਹਣ ਬਰਾਮਦ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਸੱਜਣ ਵਜੋਂ ਹੋਈ ਹੈ, ਜਿਸ ਦੀ ਪੁਲੀਸ ਭਾਲ ਕਰ ਰਹੀ ਹੈ। ਥਾਣਾ ਬੜਾਗੁੜਾ ਦੀ ਪੁਲੀਸ ਨੇ ਬਿੰਟੂ ਵਾਸੀ ਪੰਜੂਆਣਾ ਨੂੰ 24 ਬੋਤਲਾਂ ਦੇਸੀ ਸ਼ਰਾਬ ਸਣੇ ਕਾਬੂ ਕੀਤਾ ਹੈ। ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਬਰਨਾਲਾ ਰੋਡ ਇਲਾਕੇ ਤੋਂ ਰਾਜੂ ਵਾਸੀ ਚਤਰਗੜ੍ਹ ਪੱਟੀ ਨੂੰ 17 ਬੋਤਲਾਂ ਦੇਸੀ ਸ਼ਰਾਬ ਸਣੇ ਕਾਬੂ ਕੀਤਾ ਹੈ।