ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 22 ਅਗਸਤ
ਥਾਣਾ ਸੁਧਾਰ ਪੁਲੀਸ ਨੇ ਹਰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਬੁਢੇਲ ਹਾਲ ਵਾਸੀ ਇਟਲੀ ਦੀ ਸ਼ਿਕਾਇਤ ਉਪਰ ਪਿੰਡ ਸੁਧਾਰ ਵਾਸੀ ਕਿਰਨਪ੍ਰੀਤ ਕੌਰ ਪਤਨੀ ਦਮਨਜੋਤ ਸਿੰਘ ਵਿਰੁੱਧ ਵਿਦੇਸ਼ ਭੇਜਣ ਦਾ ਸਬਜ਼ਬਾਗ ਦਿਖਾ ਕੇ 18 ਲੱਖ ਤੀਹ ਹਜ਼ਾਰ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜਾਂਚ ਅਫ਼ਸਰ ਥਾਣੇਦਾਰ ਕੁਲਵੰਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਦੇ ਆਦੇਸ਼ ਅਨੁਸਾਰ ਕੇਸ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਹਰਦੀਪ ਸਿੰਘ ਵਾਸੀ ਬੁਢੇਲ ਨੇ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਏ ਸਨ ਕਿ ਪਿੰਡ ਸੁਧਾਰ ਵਾਸੀ ਕਿਰਨਪ੍ਰੀਤ ਕੌਰ ਪੁੱਤਰੀ ਰਜਿੰਦਰ ਸਿੰਘ ਹਾਲ ਵਾਸੀ ਕੈਨੇਡਾ ਨੇ ਹਰਦੀਪ ਸਿੰਘ ਨੂੰ ਕੈਨੇਡਾ ਵਿੱਚ ਪੱਕਾ ਕਰਾਉਣ ਦਾ ਲਾਰਾ ਲਾ ਕੇ ਆਪਣੀ ਪੜ੍ਹਾਈ ਦੀਆਂ ਫ਼ੀਸਾਂ ਸਮੇਤ ਉਸ ਨੂੰ ਕੈਨੇਡਾ ਭੇਜਣ ਲਈ ਆਇਆ ਸਾਰਾ ਖ਼ਰਚਾ 18 ਲੱਖ ਤੀਹ ਹਜ਼ਾਰ ਰੁਪਏ ਆਪਣੀ ਮਾਂ ਕੁਲਵਿੰਦਰ ਕੌਰ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਲਏ। ਹਰਦੀਪ ਸਿੰਘ ਨੇ ਦੋਸ਼ ਲਾਇਆ ਸੀ ਕਿ ਸੋਚੀ ਸਮਝੀ ਸਕੀਮ ਤਹਿਤ ਕੁਲਵਿੰਦਰ ਕੌਰ, ਰਜਿੰਦਰ ਸਿੰਘ, ਤਜਿੰਦਰ ਕੌਰ ਪਤਨੀ ਸਰਜੰਟ ਸਿੰਘ ਨੇ ਇਹ ਪੈਸਾ ਵਸੂਲ ਕੀਤਾ ਸੀ। ਜਾਂਚ ਅਫ਼ਸਰ ਕੁਲਵੰਤ ਸਿੰਘ ਅਨੁਸਾਰ ਮੁਢਲੀ ਜਾਂਚ ਵਿੱਚ ਕਿਰਨਪ੍ਰੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਤਫ਼ਤੀਸ਼ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਨ੍ਹਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਅਮਰੀਕਾ ਭੇਜਣ ਦਾ ਸਬਜ਼ਬਾਗ ਦਿਖਾ ਕੇ 13 ਲੱਖ ਠੱਗੇ
ਰਾਏਕੋਟ: ਥਾਣਾ ਸਦਰ ਰਾਏਕੋਟ ਪੁਲੀਸ ਨੇ ਪਿੰਡ ਬਿੰਜਲ ਵਾਸੀ ਜਸਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਦੀ ਸ਼ਿਕਾਇਤ ਉਪਰ ਪਿੰਡ ਬੱਸੀਆਂ ਵਾਸੀ ਜਸਵੀਰ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ਼ ਟਾਟੂ ਵਾਸੀ ਕੁੰਬੜਵਾਲ ਹਾਲ ਵਾਸੀ ਈਲੂ-ਈਲੂ (ਫਿਲੀਪਾਈਨਜ਼) ਨੂੰ ਧੋਖਾਧੜੀ ਦੇ ਕੇਸ ਵਿੱਚ ਨਾਮਜ਼ਦ ਕੀਤਾ ਹੈ। ਉਪ ਪੁਲੀਸ ਕਪਤਾਨ ਰਛਪਾਲ ਸਿੰਘ ਢੀਂਡਸਾ ਵੱਲੋਂ ਮੁੱਢਲੀ ਪੜਤਾਲ ਦੌਰਾਨ ਤੱਥਾਂ ਦੀ ਪੁਸ਼ਟੀ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਦੇ ਆਦੇਸ਼ ਉਪਰ ਜਸਵੀਰ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ਼ ਟਾਟੂ ਵਿਰੁੱਧ ਵਿਦੇਸ਼ ਭੇਜਣ ਦਾ ਸਬਜ਼ਬਾਗ ਦਿਖਾ ਕੇ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਜਸਵਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਪਿੰਡ ਬੱਸੀਆਂ ਵਾਸੀ ਜਸਵੀਰ ਸਿੰਘ ਅਤੇ ਪਿੰਡ ਕੁੰਬੜਵਾਲ ਹਾਲ ਵਾਸੀ ਫਿਲੀਪਾਈਨਜ਼ ਨੇ ਉਸ ਨੂੰ ਫਿਲੀਪਾਈਨਜ਼ ਰਾਹੀਂ ਅਮਰੀਕਾ ਜਾਂ ਆਸਟਰੇਲੀਆ ਭੇਜਣ ਦਾ ਸਬਜ਼ਬਾਗ ਦਿਖਾਇਆ ਸੀ। ਇਸ ਬਦਲੇ ਮੁਲਜ਼ਮਾਂ ਨੇ 13 ਲੱਖ 9 ਹਜ਼ਾਰ ਰੁਪਏ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਲਏ, ਪਰ ਵਾਅਦੇ ਅਨੁਸਾਰ ਅਮਰੀਕਾ ਜਾਂ ਆਸਟਰੇਲੀਆ ਦਾ ਵੀਜ਼ਾ ਨਹੀਂ ਲਗਵਾਇਆ ਅਤੇ ਨਾ ਹੀ ਰਕਮ ਵਾਪਸ ਕੀਤੀ। ਜਾਂਚ ਅਫ਼ਸਰ ਥਾਣੇਦਾਰ ਗੁਰਨਾਮ ਸਿੰਘ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। – ਪੱਤਰ ਪ੍ਰੇਰਕ