ਨਵੀਂ ਦਿੱਲੀ:
ਰਿਚਾ ਚੱਢਾ ਅਤੇ ਅਲੀ ਫ਼ਜ਼ਲ ਦੀ ਪ੍ਰੋਡਿਊਸਰ ਵਜੋਂ ਪਹਿਲੀ ਫਿਲਮ ‘ਗਰਲਜ਼ ਵਿੱਲ ਬੀ ਗਰਲਜ਼’ 25 ਅਗਸਤ ਨੂੰ ਇੰਡੀਅਨ ਫ਼ਿਲਮ ਫੈਸਟੀਵਲ ਆਫ ਮੈਲਬਰਨ (ਆਈਐੱਫਐੱਫਐੱਮ) 2024 ਦੇ ਸਮਾਪਤੀ ਸਮਾਰੋਹ ਮੌਕੇ ਦਿਖਾਈ ਜਾਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਸ਼ੁਚੀ ਤਲਾਟੀ ਨੇ ਕੀਤਾ ਹੈ। ਦੱਸਣਾ ਬਣਦਾ ਹੈ ਕਿ ਇਸ ਫ਼ਿਲਮ ਦਾ ਵਰਲਡ ਪ੍ਰੀਮੀਅਰ ਸਨਡਾਂਸ ਫ਼ਿਲਮ ਫੈਸਟੀਵਲ ਵਿੱਚ ਹੋਇਆ ਸੀ ਜਿੱਥੇ ਇਸ ਨੂੰ ਸਿਖਰਲੇ ਦੋ ਐਵਾਰਡ ਮਿਲੇ ਸਨ। ਇਹ ਫ਼ਿਲਮ ਕਾਨ ਵਿਚ ਵੀ ਦਿਖਾਈ ਜਾ ਚੁੱਕੀ ਹੈ। ਫ਼ਿਲਮ ‘ਗਰਲਜ਼ ਵਿੱਲ ਬੀ ਗਰਲਜ਼’ ਦੀ ਸ਼ੂਟਿੰਗ ਜ਼ਿਆਦਾਤਰ ਉੱਤਰੀ ਭਾਰਤ ਦੇ ਇੱਕ ਛੋਟੇ ਜਿਹੇ ਪਹਾੜੀ ਸ਼ਹਿਰ ਦੇ ਬੋਰਡਿੰਗ ਸਕੂਲ ਵਿੱਚ ਕੀਤੀ ਗਈ ਹੈ। ਇਹ 16 ਸਾਲ ਦੀ ਲੜਕੀ ਮੀਰਾ ਦੇ ਸਫਰ ਦੀ ਕਹਾਣੀ ਬਿਆਨਦੀ ਹੈ। ਫ਼ਿਲਮ ਵਿੱਚ ਪ੍ਰੀਤੀ ਪਾਨਾਗ੍ਰਾਹੀ ਅਤੇ ਕਾਨੀ ਕੁਸਰੁਤੀ ਨੇ ਮੁੱਖ ਕਿਰਦਾਰ ਨਿਭਾਏ ਹਨ। ਅਲੀ ਫਜ਼ਲ ਅਤੇ ਰਿਚਾ ਚੱਢਾ ਨੇ ਕਿਹਾ ਕਿ ਉਹ ਫਿਲਮ ਮੇਲੇ ਵਿਚ ‘ਗਰਲਜ਼ ਵਿੱਲ ਬੀ ਗਰਲਜ਼’ ਦੇ ਆਸਟਰੇਲਿਆਈ ਪ੍ਰੀਮੀਅਰ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ, ‘ਸਾਨੂੰ ਬਹੁਤ ਮਾਣ ਹੈ ਕਿ ਇਸ ਫ਼ਿਲਮ ਨੂੰ ਅਜਿਹੇ ਵੱਕਾਰੀ ਫਿਲਮ ਮੇਲੇ ਦੇ ਸਮਾਪਤੀ ਸਮਾਗਮ ਲਈ ਚੁਣਿਆ ਗਿਆ। ਇਸ ਫਿਲਮ ਦਾ ਸਫਰ ਕਮਾਲ ਦਾ ਰਿਹਾ ਹੈ ਅਤੇ ਅਸੀਂ ਇਸ ਨੂੰ ਆਸਟਰੇਲਿਆਈ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਬਹੁਤ ਖੁਸ਼ ਹਾਂ।’ ਰਿਚਾ ਚੱਢਾ ਨੇ ਕਿਹਾ ਕਿ ਫ਼ਿਲਮ ਨੇ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਸਫ਼ਰ ਤੈਅ ਕੀਤਾ ਹੈ ਅਤੇ ਸਾਨੂੰ ਇਸ ਨੂੰ ਆਸਟਰੇਲੀਆ ਵਿੱਚ ਪੇਸ਼ ਕਰਨ ’ਤੇ ਮਾਣ ਹੈ।’ -ਪੀਟੀਆਈ