ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਅਗਸਤ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਸਮੱਗਰ ਸਿੱਖਿਆ ਅਭਿਆਨ ਤਹਿਤ ਕੰਮ ਕਰ ਰਹੇ ਅਧਿਆਪਕਾਂ ਨੇ ਅੱਜ ਰਾਜ ਭਵਨ ਵੱਲ ਪੈਦਲ ਮਾਰਚ ਕੀਤਾ ਪਰ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿਚ ਹੀ ਰੋਕ ਲਿਆ। ਅਧਿਆਪਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇ ਪੰਦਰਾਂ ਦਿਨਾਂ ਅੰਦਰ ਅਧਿਆਪਕਾਂ ਦੇ ਮਸਲੇ ਹੱਲ ਨਾ ਹੋਏ ਤਾਂ ਉਹ ਸੜਕਾਂ ’ਤੇ ਮੁੜ ਉਤਰਨਗੇ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਸਣੇ ਹੋਰ ਅਧਿਕਾਰੀ ਅਧਿਆਪਕਾਂ ਦੇ ਮਸਲਿਆਂ ਦਾ ਸਦੀਵੀ ਹੱਲ ਨਹੀਂ ਕੱਢ ਰਹੇ ਜਿਸ ਕਾਰਨ ਅਧਿਆਪਕਾਂ ਨੂੰ ਪ੍ਰੇਸ਼ਾਨੀ ਦੇ ਦੌਰ ਵਿਚ ਲੰਘਣਾ ਪੈ ਰਿਹਾ ਹੈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਅੱਜ ਸਮੱਗਰ ਸਿੱਖਿਆ ਤਹਿਤ ਅੱਠ ਮੁੱਦਿਆਂ ’ਤੇ ਇਕੱਠ ਕੀਤਾ ਗਿਆ। ਇਸ ਮੌਕੇ ਸੱਤਵਾਂ ਪੇਅ ਕਮਿਸ਼ਨ ਤੇ ਮਹਿੰਗਾਈ ਭੱਤਾ ਨਾ ਮਿਲਣ, ਡੈਪੂਟੇਸ਼ਨ ’ਤੇ ਆਏ ਅਧਿਆਪਕਾਂ ਨੂੰ 12 ਫੀਸਦੀ ਮਹਿੰਗਾਈ ਭੱਤਾ ਨਾ ਦੇਣ ’ਤੇ ਰੋਸ ਜਤਾਇਆ ਗਿਆ।
ਯੂਟੀ ਦੇ ਸਮੱਗਰ ਸਿੱਖਿਆ ਤਹਿਤ ਸਕੂਲਾਂ ਵਿਚ ਪੜ੍ਹਾ ਰਹੇ ਅਧਿਆਪਕਾਂ ਨੇ ਅੱਜ ਜਾਮਾ ਮਸਜਿਦ ਗਰਾਊਂਡ ਸੈਕਟਰ 20 ਵਿਚ ਸਿੱਖਿਆ ਵਿਭਾਗ ਦੀਆਂ ਨੀਤੀਆਂ ਖ਼ਿਲਾਫ ਰੋਸ ਜਤਾਇਆ। ਇਸ ਮੌਕੇ ਅਧਿਆਪਕਾਂ ਤੇ ਸਟਾਫ ਨੇ ਕੇਂਦਰ ਤੇ ਯੂਟੀ ਪ੍ਰਸ਼ਾਸਨ ’ਤੇ ਯੂਟੀ ਦੇ ਅਧਿਆਪਕਾਂ ਦੀ ਸਾਰ ਨਾ ਲੈਣ ਦੇ ਦੋਸ਼ ਲਾਏ। ਉਨ੍ਹਾਂ ਸੱਤਵਾਂ ਪੇਅ ਕਮਿਸ਼ਨ, ਸਾਲ 2021 ਤੋਂ ਡੀਏ ਦਾ ਬਕਾਇਆ ਨਾ ਦੇਣ ਤੇ ਸਮੱਗਰ ਸਿੱਖਿਆ ਤਹਿਤ ਕੰਮ ਕਰ ਰਹੇ ਅਧਿਆਪਕਾਂ ਨੂੰ ਡੀਏ ਦਾ ਹਿੱਸਾ ਨਾ ਦੇਣ ’ਤੇ ਰੋਸ ਜਤਾਇਆ। ਅਧਿਆਪਕ ਆਗੂ ਅਰਵਿੰਦ ਰਾਣਾ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਤੋਂ ਡੈਪੂਟੇਸ਼ਨ ’ਤੇ ਆਏ ਅਧਿਆਪਕਾਂ ਨੂੰ ਮਹਿੰਗਾਈ ਭੱਤੇ ਦਾ ਭੁਗਤਾਨ ਵੀ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਜੇਬੀਟੀ, ਟੀਜੀਟੀ, ਲੈਕਚਰਾਰਾਂ, ਵੋਕੇਸ਼ਨਲ ਅਧਿਆਪਕਾਂ, ਸਕੂਲ ਮੁਖੀਆਂ ਦੀ ਫਾਈਨਲ ਪ੍ਰਮੋਸ਼ਨ ਲਿਸਟ ਵੀ ਜਾਰੀ ਨਹੀਂ ਕੀਤੀ ਜਾ ਰਹੀ। ਜੂਨੀਅਰ ਕੰਪਿਊਟਰ ਤੇ ਸੀਨੀਅਰ ਇੰਸਟਰੱਕਰਾਂ ਨੂੰ ਪਿਛਲੇ ਦੋ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ। ਅਧਿਆਪਕਾਂ ਨੇ ਕਿਹਾ ਕਿ ਸਾਲ 2015 ਵਿਚ ਭਰਤੀ ਹੋਏ ਅਧਿਆਪਕਾਂ ਨੂੰ ਪੇਅ ਕਮਿਸ਼ਨ ਦੇ ਬਣਦੇ ਲਾਭ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਸਮੱਗਰ ਸਿੱਖਿਆ ਅਧਿਆਪਕਾਂ ਦਾ ਸਾਲ ਦਾ ਬਜਟ ਪਹਿਲਾਂ ਹੀ ਨਿਰਧਾਰਤ ਕਰ ਕੇ ਵੰਡਿਆ ਜਾਵੇ।
‘ਹਰ ਵਾਰ ਤਨਖਾਹ ਮਿਲਣ ’ਚ ਹੁੰਦੀ ਹੈ ਦੇਰੀ’
ਅਧਿਆਪਕ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਮੱਗਰ ਸਿੱਖਿਆ ਅਧਿਆਪਕਾਂ ਨੂੰ ਕਦੇ ਵੀ ਸਮੇਂ ਸਿਰ ਤਨਖਾਹ ਨਹੀਂ ਮਿਲਦੀ। ਉਨ੍ਹਾਂ ਕੇਂਦਰ ਖਿਲਾਫ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਹਰ ਵਾਰ ਤਨਖਾਹ ਦੇਰੀ ਨਾਲ ਜਾਰੀ ਕੀਤੀ ਜਾ ਰਹੀ ਹੈ। ਇਸ ਕਰ ਕੇ ਉਨ੍ਹਾਂ ਨੂੰ ਮਜਬੂਰਨ ਰਾਜਪਾਲ ਹਾਊਸ ਵੱਲ ਮਾਰਚ ਕਰਨਾ ਪਿਆ। ਅਧਿਆਪਕਾਂ ਨੇ ਕਿਹਾ ਕਿ ਉਹ ਇਮਾਨਦਾਰੀ ਨਾਲ ਆਪਣੀ ਡਿਊਟੀ ਦੇ ਰਹੇ ਹਨ ਪਰ ਕੇਂਦਰ ਸਰਕਾਰ ਤੋਂ ਫੰਡ ਨਾ ਆਉਣ ਕਾਰਨ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਪ੍ਰਸ਼ਾਸਨ ਵਲੋਂ ਤਨਖਾਹ ਦੇਣ ਦਾ ਕੋਈ ਹੋਰ ਬੰਦੋਬਸਤ ਕੀਤਾ ਜਾ ਰਿਹਾ ਹੈ ਜਿਸ ਕਾਰਨ ਅਧਿਆਪਕ ਆਰਥਿਕ ਸੰਕਟ ਵਿਚ ਘਿਰੇ ਹੋਏ ਹਨ। ਇਹ ਰੋਸ ਪ੍ਰਦਰਸ਼ਨ ਜੁਆਇੰਟ ਟੀਚਰਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਕੀਤਾ ਗਿਆ।